ਵਾਰਾਣਸੀ ਨੂੰ ਮਿਲੇਗਾ ਟ੍ਰੈਫਿਕ ਜਾਮ ਤੋਂ ਵੱਡਾ ਰਾਹਤ ਪੈਕੇਜ, ਕੇਂਦਰ ਨੇ ₹25,500 ਕਰੋੜ ਦੇ 2 ਹਾਈਵੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ) :- ਕੇਂਦਰ ਸਰਕਾਰ ਨੇ ਵਾਰਾਣਸੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸ਼ਹਿਰ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ ਲਈ ਵੱਡਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀਸੀਈਏ) ਨੇ ਵਾਰਾਣਸੀ ਲਈ ਲਗਭਗ 25,500 ਕਰੋੜ ਰੁਪਏ ਦੀ ਲਾਗਤ ਵਾਲੇ ਦੋ ਮਹੱਤਵਪੂਰਨ ਹਾਈਵੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਪਹਿਲੇ ਪ੍ਰੋਜੈਕਟ ਤਹਿਤ 43.22 ਕਿਲੋਮੀਟਰ ਲੰਬੀ ਲਿੰਕ ਸੜਕ ਬਣਾਈ ਜਾਵੇਗੀ, ਜੋ ਵਰੁਣ ਨਦੀ ਅਤੇ ਵਾਰਾਣਸੀ ਰਿੰਗ ਰੋਡ ਰਾਹੀਂ ਰਾਸ਼ਟਰੀ ਰਾਜਮਾਰਗ-31 ਨੂੰ ਜੋੜੇਗੀ। ਇਸ ਪ੍ਰੋਜੈਕਟ ‘ਤੇ 10,998.32 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਵਿੱਚ ਛੇ ਅਤੇ ਚਾਰ ਮਾਰਗੀ ਐਲੀਵੇਟਿਡ ਕੋਰੀਡੋਰ, ਫਲਾਈਓਵਰ, ਲੂਪ, ਰੈਂਪ ਅਤੇ ਸਰਵਿਸ ਰੋਡ ਬਣਾਏ ਜਾਣਗੇ। ਇਹ ਕੰਮ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਵੱਲੋਂ ਹਾਈਬ੍ਰਿਡ ਐਨੂਇਟੀ ਮਾਡਲ (HAM) ਤਹਿਤ ਕਰਵਾਇਆ ਜਾਵੇਗਾ।

ਇਸ ਦੇ ਨਾਲ ਹੀ ਕੈਬਨਿਟ ਨੇ 46.04 ਕਿਲੋਮੀਟਰ ਲੰਬੇ ਦੂਜੇ ਪ੍ਰੋਜੈਕਟ ਨੂੰ ਵੀ ਹਰੀ ਝੰਡੀ ਦਿੱਤੀ ਹੈ, ਜੋ ਗੰਗਾ ਨਦੀ ਦੇ ਨਾਲ-ਨਾਲ ਰਾਸ਼ਟਰੀ ਰਾਜਮਾਰਗ-19 ਅਤੇ ਵਾਰਾਣਸੀ ਰਿੰਗ ਰੋਡ ਨੂੰ ਜੋੜੇਗਾ। ਇਸ ਪ੍ਰੋਜੈਕਟ ‘ਤੇ 14,447.64 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ ਛੇ-ਲੇਨ ਐਲੀਵੇਟਿਡ ਸੜਕ, ਕੇਬਲ-ਸਟੇਡ ਪੁਲ, ਵੱਡਾ ਪੁਲ, ਫੁੱਟ ਓਵਰਬ੍ਰਿਜ, ਲੂਪ, ਰੈਂਪ, ਲਿੰਕ ਰੋਡ ਅਤੇ ਸਰਵਿਸ ਰੋਡ ਬਣਾਏ ਜਾਣਗੇ।

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਦੋਵੇਂ ਪ੍ਰੋਜੈਕਟ ਪੂਰੇ ਹੋਣ ਨਾਲ ਵਾਰਾਣਸੀ ਵਿੱਚ ਟ੍ਰੈਫਿਕ ਦਾ ਦਬਾਅ ਕਾਫ਼ੀ ਘਟੇਗਾ, ਆਵਾਜਾਈ ਹੋਰ ਤੇਜ਼ ਅਤੇ ਸੁਗਮ ਬਣੇਗੀ ਅਤੇ ਸ਼ਹਿਰ ਦੇ ਆਰਥਿਕ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ। ਇਹ ਦੋਵੇਂ ਪ੍ਰੋਜੈਕਟ ਹਾਈਬ੍ਰਿਡ ਐਨੂਇਟੀ ਮਾਡਲ (HAM) ਤਹਿਤ ਵਿਕਸਤ ਕੀਤੇ ਜਾਣਗੇ, ਜਿਸ ਵਿੱਚ ਸਰਕਾਰ ਅਤੇ ਨਿੱਜੀ ਖੇਤਰ ਦੀ ਸਾਂਝੀ ਭੂਮਿਕਾ ਹੁੰਦੀ ਹੈ।