
Skip to content

ਪੰਜਾਬ ਪੁਲਿਸ ਨੂੰ ਨੌਜਵਾਨਾਂ ਦਾ ਮਜ਼ਬੂਤ ਸਹਾਰਾ, 8,231 ਤੋਂ ਵੱਧ ਜਵਾਨ ਮੁਲਾਜ਼ਮ ਫਰੰਟਲਾਈਨ ‘ਤੇ ਤਾਇਨਾਤ
ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬ ਪੁਲਿਸ ਵਿੱਚ ਨੌਜਵਾਨ ਕਰਮਚਾਰੀਆਂ ਦੀ ਵਧਦੀ ਭਾਗੀਦਾਰੀ ਸੂਬੇ ਦੀ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਵੇਲੇ 29 ਸਾਲ ਤੋਂ ਘੱਟ ਉਮਰ ਦੇ 8,231 ਤੋਂ ਵੱਧ ਪੁਲਿਸ ਮੁਲਾਜ਼ਮ ਕਾਂਸਟੇਬਲ ਤੋਂ ਲੈ ਕੇ ਡੀਐਸਪੀ ਤੱਕ ਵੱਖ-ਵੱਖ ਅਹੁਦਿਆਂ ‘ਤੇ ਸੇਵਾ ਨਿਭਾ ਰਹੇ ਹਨ। ਇਸ ਨਾਲ ਪੰਜਾਬ ਪੁਲਿਸ ਵਿੱਚ ਨੌਜਵਾਨੀ ਦੇ ਜੋਸ਼ ਅਤੇ ਤਜਰਬੇ ਦਾ ਬਿਹਤਰ ਸੰਤੁਲਨ ਬਣਿਆ ਹੈ।
ਅੰਕੜਿਆਂ ਮੁਤਾਬਕ 29 ਸਾਲ ਤੋਂ ਘੱਟ ਉਮਰ ਦੇ 6,666 ਕਾਂਸਟੇਬਲ, 973 ਸੀਨੀਅਰ ਕਾਂਸਟੇਬਲ, 347 ਸਬ-ਇੰਸਪੈਕਟਰ ਅਤੇ 186 ਹੈੱਡ ਕਾਂਸਟੇਬਲ ਸੇਵਾ ਨਿਭਾ ਰਹੇ ਹਨ। ਇਹ ਨੌਜਵਾਨ ਮੁਲਾਜ਼ਮ ਆਧੁਨਿਕ ਤਕਨਾਲੋਜੀ ਅਤੇ ਨਵੇਂ ਤਰੀਕਿਆਂ ਦੀ ਵਰਤੋਂ ਕਰਦੇ ਹੋਏ ਅਪਰਾਧ ਅਤੇ ਗੈਂਗ ਗਤੀਵਿਧੀਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਹਜ਼ਾਰਾਂ ਨੌਜਵਾਨ ਪੁਲਿਸ ਮੁਲਾਜ਼ਮ ਫਰੰਟਲਾਈਨ ਫੋਰਸ ਵਜੋਂ ਦਿਨ-ਰਾਤ ਸੂਬੇ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਜੁਟੇ ਹੋਏ ਹਨ। ਪੰਜਾਬ ਪੁਲਿਸ ਦਾ ਮੰਨਣਾ ਹੈ ਕਿ ਇਹ ਨੌਜਵਾਨ ਕਰਮਚਾਰੀ ਅਪਰਾਧ ਨਾਲ ਨਜਿੱਠਣ ਦੀ ਸਮਰੱਥਾ ਨੂੰ ਲਗਾਤਾਰ ਹੋਰ ਮਜ਼ਬੂਤ ਕਰ ਰਹੇ ਹਨ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਫੋਰਸ ਨੂੰ ਹੋਰ ਮਜ਼ਬੂਤ ਬਣਾਉਣ ਲਈ 3,298 ਕਾਂਸਟੇਬਲ ਅਸਾਮੀਆਂ ‘ਤੇ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਨਵੀਆਂ ਭਰਤੀਆਂ ਨਾਲ ਫਰੰਟਲਾਈਨ ਪੁਲਿਸਿੰਗ ਨੂੰ ਹੋਰ ਤਾਕਤ ਮਿਲੇਗੀ ਅਤੇ ਲੋਕਾਂ ਨਾਲ ਤਾਲਮੇਲ ਵਿੱਚ ਵੀ ਸੁਧਾਰ ਆਵੇਗਾ।
ਪੁਲਿਸ ਪ੍ਰਣਾਲੀ ਨੂੰ ਹੋਰ ਲੋਕ-ਕੇਂਦਰਿਤ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸੂਬੇ ਭਰ ਦੇ ਪੁਲਿਸ ਥਾਣਿਆਂ ਵਿੱਚ ਮਹਿਲਾ ਹੈਲਪ ਡੈਸਕਾਂ ਦੀ ਸਥਾਪਨਾ ਅਤੇ ਸਿਟੀਜ਼ਨ ਪੋਰਟਲ ਸੇਵਾਵਾਂ ਦਾ ਵਿਸਥਾਰ ਵੀ ਕੀਤਾ ਜਾ ਰਿਹਾ ਹੈ। ਇਹ ਕਦਮ ਲੋਕਾਂ ਨੂੰ ਤੇਜ਼, ਪਾਰਦਰਸ਼ੀ ਅਤੇ ਸੁਵਿਧਾਜਨਕ ਪੁਲਿਸ ਸੇਵਾਵਾਂ ਮੁਹੱਈਆ ਕਰਵਾਉਣ ਵੱਲ ਇੱਕ ਮਹੱਤਵਪੂਰਨ ਪਹਿਲ ਮੰਨੀ ਜਾ ਰਹੀ ਹੈ।

Related