ਜਲੰਧਰ (ਨਵੀਂਨ ਪੁਰੀ ): ਥਾਣਾ ਰਾਮਾਮੰਡੀ ਦੀ ਪੁਲਿਸ ਨੇ ਭੋਲੇ ਭਾਲੇ ਲੋਕਾਂ ਦੇ ਏਟੀਐੱਮ ਕਾਰਡ ਬਦਲ ਕੇ ਠੱਗੀ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਠੱਗੀ ਮਾਰੇ ਰੁਪਏ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਦੋ ਸੱਟੇਬਾਜ਼ਾਂ ਨੂੰ ਦੜੇ ਸੱਟੇ ਦੀਆਂ ਪਰਚੀਆਂ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਸਤੀਸ਼ ਕੁਮਾਰ ਵਾਸੀ ਪ੍ਰਰੀਤ ਨਗਰ ਲਾਡੋਵਾਲੀ ਰੋਡ ਨੇ ਉਨ੍ਹਾਂ ਨੂੰ 18/7/22 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਫੋਕਲ ਪੁਆਇੰਟ ਤੋਂ ਫੈਕਟਰੀ ‘ਚੋਂ ਛੁੱਟੀ ਤੋਂ ਬਾਅਦ ਆਪਣੇ ਘਰ ਵੱਲ ਆ ਰਿਹਾ ਸੀ। ਰਸਤੇ ‘ਚ ਕਿਸ਼ਨਪੁਰਾ ਚੌਕ ਵਿਚ ਉਹ ਐੱਸਬੀਆਈ ਦੇ ਏਟੀਐੱਮ ‘ਚੋਂ ਪੈਸੇ ਕਢਵਾਉਣ ਲਈ ਰੁਕ ਗਿਆ। ਦੋ ਨੌਜਵਾਨ ਪਹਿਲਾਂ ਹੀ ਏਟੀਐਮ ਮਸ਼ੀਨ ਦੇ ਬਾਹਰ ਖੜ੍ਹੇ ਸਨ। ਉਨ੍ਹਾਂ ‘ਚੋਂ ਇਕ ਨੌਜਵਾਨ ਅੰਦਰ ਆਇਆ ਤੇ ਧੋਖੇ ਨਾਲ ਉਸ ਦੇ ਬੈਂਕ ਦਾ ਏਟੀਐੱਮ ਕਾਰਡ ਬਦਲ ਕੇ ਬੈਂਕ ਆਫ ਬੜੋਦਾ ਦਾ ਏਟੀਐੱਮ ਕਾਰਡ ਉਸ ਨੂੰ ਦੇ ਗਿਆ। ਜਿਸ ਦਾ ਉਸ ਨੂੰ ਪਤਾ ਹੀ ਨਹੀਂ ਲੱਗਿਆ। ਕੁਝ ਦੇਰ ਬਾਅਦ ਉਸ ਦੇ ਮੋਬਾਈਲ ਤੇ ਬੈਂਕ ‘ਚੋਂ ਪੈਸੇ ਨਿਕਲਣ ਦਾ ਮੈਸੇਜ ਆਉਣੇ ਸ਼ੁਰੂ ਹੋ ਗਏ ਤੇ ਕੁਝ ਮਿੰਟਾਂ ਚ 25 ਹਜਾਰ ਰੁਪਏ ਉਸ ਦੇ ਖਾਤੇ ‘ਚੋਂ ਨਿਕਲ ਗਏ। ਪੁਲਿਸ ਨੇ ਸਤੀਸ਼ ਕੁਮਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਉਕਤ ਠੱਗੀ ਕਰਨ ਵਾਲੇ ਸੈਮੂਅਲ ਹੰਸ ਵਾਸੀ ਉਪਕਾਰ ਨਗਰ ਤੇ ਸੰਨੀ ਕੁਮਾਰ ਵਾਸੀ ਿਫ਼ਰੋਜ਼ਪੁਰ ਇਸ ਵੇਲੇ ਲੰਮਾ ਪਿੰਡ ਚੌਕ ਲਾਗੇ ਅਜਿਹੀ ਇਕ ਘਟਨਾ ਨੂੰ ਅੰਜਾਮ ਦੇਣ ਲਈ ਘੁੰਮ ਰਹੇ ਹਨ। ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐੱਸਆਈ ਰਘਵੀਰ ਸਿੰਘ ਨੇ ਦੋਵਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 15 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ‘ਚ ਸੈਮੂਅਲ ਹੰਸ ਨੇ ਮੰਨਿਆ ਕਿ ਉਸ ਨੇ ਇਸ ਤੋਂ ਪਹਿਲਾਂ ਵੀ ਆਪਣੇ ਦੋਸਤ ਸੋਨੂੰ ਵਾਸੀ ਲੰਮਾ ਪਿੰਡ ਨਾਲ ਮਿਲ ਕੇ ਅਜਿਹੀ ਹੀ ਇਕ ਘਟਨਾ ਨੂੰ ਅੰਜਾਮ ਦਿੱਤਾ ਸੀ ਤੇ 85 ਹਜ਼ਾਰ ਰੁਪਏ ਦੀ ਠੱਗੀ ਮਾਰੀ ਸੀ। ਜਿਸ ‘ਚੋਂ ਉਸ ਨੇ 58 ਹਜ਼ਾਰ ਰੁਪਏ ਦਾ ਏਸੀ ਖਰੀਦ ਲਿਆ ਸੀ ਤੇ 20 ਹਜ਼ਾਰ ਰੁਪਏ ਸੋਨੂੰ ਨੂੰ ਦੇ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਠੱਗਾਂ ਨੂੰ ਪੁਲਸ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਉਮੀਦ ਹੈ ਕਿ ਠੱਗੀ ਦੇ ਹੋਰ ਵੀ ਮਾਮਲੇ ਹੱਲ ਹੋਣਗੇ।