ਸੰਯੁਕਤ ਕਿਸਾਨ ਮੋਰਚਾ (SKM) ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਐਤਵਾਰ ਨੂੰ ਵੀ ਕਿਸਾਨਾਂ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨ ਗਰੁੱਪ ਰਹਿਣ-ਖਾਣ ਦੀ ਤਿਆਰੀ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਦਿੱਲੀ ਜਾਣਗੇ। ਇਸ ਦੇ ਨਾਲ ਹੀ ਅੱਜ ਯਾਨੀ ਸੋਮਵਾਰ ਨੂੰ ਕਿਸਾਨਾਂ ਨੇ ਫਤਿਹਗੜ੍ਹ ਸਾਹਿਬ ਵਿਖੇ ਇਕੱਠ ਹੋਣਾ ਹੈ।

    ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਕਿਹਾ ਕਿ “ਅਸੀਂ ਬਿਆਸ ਤੋਂ ਸ਼ੁਰੂਆਤ ਕਰਾਂਗੇ ਅਤੇ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋਵਾਂਗੇ। ਸਾਡੀਆਂ ਮੰਗਾਂ ਇੱਕੋ ਹਨ। ਉਨ੍ਹਾਂ ਕਿਹਾ ਕਿ ਮੰਦਭਾਗਾ ਹੈ ਕਿ ਭਾਰਤੀ ਕਿਸਾਨ ਨੂੰ ਦੇਸ਼ ਵਿਰੋਧੀ ਕਿਹਾ ਜਾਂਦਾ ਹੈ, ਅਸੀਂ ਦੇਸ਼ ਵਿਰੋਧੀ ਨਹੀਂ ਹਾਂ। ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। 75 ਸਾਲਾਂ ਤੋਂ ਸਾਡੀਆਂ ਮੰਗਾਂ ਸਨ, ਜਿਸ ਦੀ ਸੁਣਵਾਈ ਨਹੀਂ ਹੋਈ। ਅਸੀਂ ਸ਼ਾਂਤੀ ਨਾਲ ਅੱਗੇ ਵਧਾਂਗੇ ਅਤੇ ਸਾਡਾ ਮਕਸਦ ਹੈ ਕਿ ਸਰਕਾਰ ਸਾਡੀਆਂ ਮੰਗਾਂ ਸੁਣੇ।

    ਦੱਸ ਦੇਈਏ ਕਿ ਹਰਿਆਣਾ ਅਤੇ ਦਿੱਲੀ ਦੀ ਟਿੱਕਰੀ ਸਰਹੱਦ ‘ਤੇ ਕੰਡਿਆਲੀ ਤਾਰ, ਲੋਹੇ ਅਤੇ ਸੀਮਿੰਟ ਦੇ ਬਣੇ ਭਾਰੀ ਬੈਰੀਕੇਡ ਲਗਾਏ ਗਏ ਹਨ। ਚੰਡੀਗੜ੍ਹ ਵਿੱਚ 60 ਦਿਨਾਂ ਲਈ ਧਾਰਾ 144 ਲਾ ਦਿੱਤੀ ਗਈ ਹੈ। ਉਥੇ ਹੀ ਹਰਿਆਣਾ ਦੇ ਪੰਦਰਾਂ ਜ਼ਿਲ੍ਹਿਆਂ ਵਿੱਚ ਵੀ 144 ਧਾਰਾ ਲਾਈ ਗਈ ਹੈ। ਸੱਤ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਨੂੰ ਬੰਦ ਕਰ ਦਿੱਤਾ ਗਿਆ ਹੈ। ਹਰਿਆਣਾ-ਪੰਜਾਬ ਬਾਰਡਰ ‘ਤੇ ਪੁਲਿਸ ਵੱਲੋਂ ਜ਼ਬਰਦਸਤ ਇੰਤਜ਼ਾਮ ਕੀਤੇ ਗਏ ਹਨ। ਦੂਜੇ ਪਾਸੇ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।