ਬ੍ਰਿਟੇਨ ਵਿਚ ਪਹਿਲੀ ਵਾਰ ‘ਕੀਰਤਨ’ ਨੂੰ ਸੰਗੀਤ ਸਿਖਿਆ ਦੀ ਗ੍ਰੇਡ ਪ੍ਰਣਾਲੀ ਵਿਚ ਸ਼ਾਮਲ ਕੀਤਾ ਗਿਆ ਹੈ, ਭਾਵ ਵਿਦਿਆਰਥੀ ਸ਼ੁੱਕਰਵਾਰ ਤੋਂ ਰਸਮੀ ਤੌਰ ’ਤੇ ‘ਸਿੱਖ ਪਵਿੱਤਰ ਸੰਗੀਤ’ ਨਾਲ ਸਬੰਧਤ ਪਾਠਕ੍ਰਮ ਪੜ੍ਹ ਸਕਣਗੇ।ਬਰਮਿੰਘਮ ਵਿਚ ਸੰਗੀਤਕਾਰ ਅਤੇ ਸਿਖਿਆ ਸ਼ਾਸਤਰੀ ਹਰਜਿੰਦਰ ਲਾਲੀ ਨੇ ਕੀਰਤਨ ਨੂੰ ਪੱਛਮੀ ਸ਼ਾਸਤਰੀ ਸੰਗੀਤ ਦੇ ਬਰਾਬਰ ਸਥਾਨ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਕਈ ਸਾਲ ਸਮਰਪਤ ਕੀਤੇ ਹਨ ਕਿ ਇਸ ਰਵਾਇਤੀ ਸੰਗੀਤਕ ਰੂਪ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰਖਿਆ ਜਾਵੇ।

    ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਮੌਜੂਦ ’ਸ਼ਬਦਾਂ’ ਨੂੰ ਗਾਉਣ ਨੂੰ ਕੀਰਤਨ ਕਿਹਾ ਜਾਂਦਾ ਹੈ ਅਤੇ ਸਿੱਖ ਧਰਮ ਵਿਚ ਇਹ ਸ਼ਰਧਾ ਪ੍ਰਗਟ ਕਰਨ ਦਾ ਇਕ ਢੰਗ ਹੈ। ਲੰਡਨ ਸਥਿਤ ਮਿਊਜ਼ਿਕ ਟੀਚਰਜ਼ ਬੋਰਡ (ਐਮ. ਟੀ. ਬੀ.) ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਅੱਠ-ਗਰੇਡ ਸੰਗੀਤ ਪ੍ਰੀਖਿਆਵਾਂ ਦੇ ਹਿੱਸੇ ਵਜੋਂ ‘ਸਿੱਖ ਸੈਕਰਡ ਮਿਊਜ਼ਿਕ’ ਪਾਠਕ੍ਰਮ ਉਪਲਬਧ ਕਰਾਏਗਾ।

    ਬ੍ਰਿਟੇਨ ਵਿਚ ਗੁਰਮਤਿ ਸੰਗੀਤ ਅਕਾਦਮੀ ਦੇ ਅਧਿਆਪਕ ਡਾਕਟਰ ਲਾਲੀ ਨੇ ਕਿਹਾ, ‘ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਪਣੀ ਵਿਰਾਸਤ ਨੂੰ ਸੁਰੱਖਿਅਤ ਰਖੀਏ।’ ਉਸ ਨੇ ਕਿਹਾ, ‘ਇਸ ਨੂੰ ਪਾਠਕ੍ਰਮ ਨੂੰ ਮਨਜ਼ੂਰੀ ਮਿਲਣ ਅਤੇ ਸ਼ੁਰੂ ਕਰਨ ਲਈ 10 ਸਾਲ ਲੱਗ ਗਏ ਹਨ।’ ਮੈਨੂੰ ਮਾਣ ਹੈ ਕਿ ਇਹ ਮਿਹਨਤ ਹੁਣ ਰੰਗ ਲਿਆਈ ਹੈ।’’ ਉਨ੍ਹਾਂ ਕਿਹਾ ਕਿ ਪੱਛਮੀ ਸਰੋਤਿਆਂ ਨੂੰ ਹੁਣ ਇਹ ਅਹਿਸਾਸ ਹੋ ਰਿਹਾ ਹੈ ਕਿ ਸਿੱਖ ਕੀਰਤਨ ਵਾਇਲਨ, ਪਿਆਨੋ ਜਾਂ ਕਿਸੇ ਹੋਰ ਪੱਛਮੀ ਸਮਕਾਲੀ ਸੰਗੀਤ ਸ਼ੈਲੀ ਤੋਂ ਘੱਟ ਨਹੀਂ ਹੈ। ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਵਿਚ ਪੰਜ ਭਾਰਤੀ ਸਾਜ਼ – ਦਿਲਰੁਬਾ, ਤਾਊਸ, ਇਸਰਾਜ, ਸਾਰੰਗੀ ਅਤੇ ਸਾਰੰਦਾ ਨੂੰ ਮਾਨਤਾ ਦਿਤੀ ਗਈ ਹੈ।