Skip to content
ਹਲਕਾ ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿਖੇ ਬੀਤੀ ਰਾਤ ਇਕ ਔਰਤ ਨੇ ਅਪਣੇ ਪੂਰੇ ਪਰਵਾਰ ਨੂੰ ਆਟੇ ਵਿਚ ਜ਼ਹਿਰੀਲੀ ਚੀਜ਼ ਗੁੰਨ ਕੇ ਉਸ ਦੀਆਂ ਰੋਟੀਆਂ ਬਣਾ ਕੇ ਖਵਾ ਦਿਤੀ ਅਤੇ ਖ਼ੁਦ ਵੀ ਕੁੱਝ ਰੋਟੀ ਖਾਧੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।
ਭਿੰਡੀਆਂ ਦੀ ਸ਼ਬਜੀ ਨਾਲ ਉਕਤ ਜ਼ਹਿਰੀਲੀ ਰੋਟੀ ਖਾਣ ਤੋਂ ਬਾਅਦ ਘਰ ਦੇ ਮੁਖੀ ਸੁਰਜੀਤ ਸਿੰਘ, ਉਸ ਦੀ ਪਤਨੀ ਜਸਵਿੰਦਰ ਕੌਰ, ਲੜਕੇ ਸ਼ਿਵਤਾਰ ਸਿੰਘ ਉਰਫ ਰਾਜੂ ਅਤੇ ਇਸ ਦੀ ਪਤਨੀ ਖੁਸ਼ਮਨਦੀਪ ਕੌਰ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਇੰਨਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਸ਼ਿਵਤਾਰ ਸਿੰਘ ਉਰਫ ਰਾਜੂ ਨੂੰ ਬਠਿੰਡਾ ਰੈਫ਼ਰ ਕਰ ਦਿਤਾ ਜਦੋਂਕਿ ਬਾਕੀਆਂ ਨੂੰ ਪਰਵਾਰਕ ਮੈਂਬਰਾਂ ਵਲੋਂ ਦੀਪ ਹਸਪਤਾਲ ਗਿੱਦੜਬਾਹਾ ਵਿਖੇ ਭਰਤੀ ਕਰਵਾਇਆ ਗਿਆ।
ਸ਼ਿਵਤਾਰ ਸਿੰਘ ਦੀ ਬਠਿੰਡਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਪੂਰੇ ਮਾਮਲੇ ਸਬੰਧੀ ਗਿੱਦੜਬਾਹਾ ਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦਸਿਆ ਕਿ ਪੁਲਿਸ ਵਲੋਂ ਮ੍ਰਿਤਕ ਦੇ ਵੱਡੇ ਭਰਾ ਜਗਤਾਰ ਸਿੰਘ ਦੇ ਬਿਆਨ ’ਤੇ ਮ੍ਰਿਤਕ ਦੀ ਪਤਨੀ ਖੁਸ਼ਮਨਦੀਪ ਕੌਰ ਅਤੇ ਉਸ ਦੇ 3 ਹੋਰ ਸਾਥੀਆਂ ਵਿਰੁਧ ਧਾਰਾ 103, 109 ਬੀ.ਐੱਨ.ਐੱਸ. ਤਹਿਤ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਉਨ੍ਹਾਂ ਦਸਿਆ ਕਿ ਖੁਸ਼ਮਨਦੀਪ ਕੌਰ ਅਤੇ ਮ੍ਰਿਤਕ ਸ਼ਿਵਤਾਰ ਸਿੰਘ ਉਰਫ ਰਾਜੂ ਦਾ ਵਿਆਹ ਕਰੀਬ 5 ਮਹੀਨੇ ਪਹਿਲਾਂ ਹੋਇਆ ਸੀ ਅਤੇ ਖੁਸ਼ਮਨਦੀਪ ਕੌਰ ਕਰੀਬ 2 ਮਹੀਨੇ ਪਹਿਲਾਂ ਕਿਸੇ ਹੋਰ ਵਿਅਕਤੀ ਨਾਲ ਘਰੋਂ ਚਲੀ ਗਈ ਸੀ ਅਤੇ ਹੁਣ ਪਰਵਾਰ ਉਸ ਨੂੰ ਅਜਿਹਾ ਕਰਨ ਤੋਂ ਰੋਕਦਾ ਸੀ, ਜਿਸ ਦੇ ਚਲਦਿਆਂ ਉਸ ਨੇ ਬੀਤੀ ਰਾਤ ਪੂਰੇ ਪਰਵਾਰ ਨੂੰ ਆਟੇ ਵਿਚ ਜ਼ਹਿਰ ਮਿਲਾ ਕੇ ਉਸ ਦੀਆਂ ਰੋਟੀਆਂ ਖਵਾ ਦਿਤੀਆਂ ਜਿਸ ਨਾਲ ਪਰਵਾਰ ਦੇ ਬਾਕੀ ਮੈਂਬਰਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਜਦੋਂਕਿ ਖੁਸ਼ਮਨਦੀਪ ਕੌਰ ਨੇ ਖ਼ੁਦ ਉਕਤ ਰੋਟੀ ਬਹੁਤ ਘੱਟ ਖਾਧੀ ਸੀ। ਇਸ ਕਰ ਕੇ ਖ਼ੁਸ਼ਦੀਪ ਕੌਰ ਦੀ ਹਾਲਤ ਸਥਿਰ ਹੈ।
Related