
Skip to content

ਨਵੀਂ ਦਿੱਲੀ (ਅਮਿਤ ਨਖਵਾਲ): ਕਾਂਗਰਸ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੇ ਨਾਂ ਇੱਕ ਖੁੱਲ੍ਹਾ ਪੱਤਰ ਜਾਰੀ ਕਰਦਿਆਂ ਉਨ੍ਹਾਂ ਦੇ ਸੰਘਰਸ਼ ਨੂੰ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਹ ਪੱਤਰ ਇੱਕ ਸਿਆਸਤਦਾਨ ਵਜੋਂ ਨਹੀਂ, ਸਗੋਂ ਇੱਕ ਅਜਿਹੇ ਭਾਰਤੀ ਵਜੋਂ ਲਿਖ ਰਹੇ ਹਨ ਜੋ ਨੌਜਵਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਤੋਂ ਦੁਖੀ ਹੈ।
ਥਰੂਰ ਨੇ ਆਪਣੇ ਬਚਪਨ ਅਤੇ ਮੱਧ-ਵਰਗੀ ਪਰਿਵਾਰ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਕਾਲਰਸ਼ਿਪ, ਨਿਰਪੱਖ ਪ੍ਰੀਖਿਆਵਾਂ ਅਤੇ ਇਮਾਨਦਾਰ ਨਤੀਜਿਆਂ ਨੇ ਹੀ ਅੱਗੇ ਵਧਣ ਦਾ ਰਾਹ ਬਣਾਇਆ। ਉਨ੍ਹਾਂ ਕਿਹਾ ਕਿ ਯੋਗਤਾ-ਅਧਾਰਿਤ ਪ੍ਰਣਾਲੀ ਹੀ ਘੱਟ ਅਤੇ ਮੱਧ-ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਸਫ਼ਲਤਾ ਦੀ ਪੌੜੀ ਹੁੰਦੀ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਪੇਪਰ ਲੀਕ ਹੁੰਦੇ ਹਨ, ਪ੍ਰੀਖਿਆਵਾਂ ਰੱਦ ਹੁੰਦੀਆਂ ਹਨ ਅਤੇ ਪ੍ਰਣਾਲੀ ‘ਤੇ ਭਰੋਸਾ ਟੁੱਟਦਾ ਹੈ ਤਾਂ ਸਭ ਤੋਂ ਵੱਧ ਨੁਕਸਾਨ ਆਮ ਪਰਿਵਾਰਾਂ ਦੇ ਨੌਜਵਾਨਾਂ ਨੂੰ ਝੱਲਣਾ ਪੈਂਦਾ ਹੈ, ਜਦਕਿ ਅਮੀਰ ਅਤੇ ਪ੍ਰਭਾਵਸ਼ਾਲੀ ਲੋਕਾਂ ਕੋਲ ਹੋਰ ਵਿਕਲਪ ਹੁੰਦੇ ਹਨ।
ਸ਼ਸ਼ੀ ਥਰੂਰ ਨੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਗੁੱਸਾ ਅਨੁਸ਼ਾਸਨਹੀਣਤਾ ਨਹੀਂ, ਸਗੋਂ ਧੋਖਾ ਖਾਧੀ ਇੱਕ ਪੀੜ੍ਹੀ ਦਾ ਦਰਦ ਹੈ। ਉਨ੍ਹਾਂ ਨੌਜਵਾਨਾਂ ਨੂੰ ਹੌਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਕੱਲੇ ਨਹੀਂ ਹਨ ਅਤੇ ਦੇਸ਼ ਦੇ ਲੱਖਾਂ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਥਰੂਰ ਨੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਵੀ ਅਪੀਲ ਕੀਤੀ ਕਿ ਉਹ ਆਪਣਾ ਮਰਨ ਵਰਤ ਖਤਮ ਕਰਨ। ਉਨ੍ਹਾਂ ਕਿਹਾ ਕਿ ਵਾਂਗਚੁਕ ਨੇ ਦੇਸ਼ ਦੀ ਜ਼ਮੀਰ ਨੂੰ ਜਗਾਇਆ ਹੈ ਅਤੇ ਹੁਣ ਵਿਦਿਆਰਥੀਆਂ ਦੇ ਮੁੱਦਿਆਂ ਨੂੰ ਸੰਸਦ ਦੇ ਆਉਣ ਵਾਲੇ ਸੈਸ਼ਨ ਵਿੱਚ ਉਠਾਉਣ ਦਾ ਮੌਕਾ ਮਿਲੇਗਾ, ਇਸ ਲਈ ਹੱਲ ਸੰਸਦੀ ਪ੍ਰਕਿਰਿਆ ਰਾਹੀਂ ਨਿਕਲਣਾ ਚਾਹੀਦਾ ਹੈ।
ਅੰਤ ਵਿੱਚ ਥਰੂਰ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੌਜਵਾਨਾਂ ਦੀ ਆਵਾਜ਼ ਸੁਣੇ ਅਤੇ ਉਨ੍ਹਾਂ ਨਾਲ ਸੰਵਾਦ ਕਰੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨਾਲ ਗੱਲਬਾਤ ਕਰਨਾ ਕਮਜ਼ੋਰੀ ਨਹੀਂ, ਸਗੋਂ ਸੱਚੀ ਲੀਡਰਸ਼ਿਪ ਦੀ ਨਿਸ਼ਾਨੀ ਹੈ।

Related