ਲੁਧਿਆਣਾ(ਬਿਊਰੋ)- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਨੇ ਭਾਰਤ ਦੀ ਪ੍ਰਦੂਸ਼ਿਤ ਹੋ ਰਹੀ ਆਬੋ ਹਵਾ ਨੂੰ ਹੋਰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਕ ਹੁਕਮ ਜਾਰੀ ਕੀਤਾ ਹੈ। ਜਿਸ ‘ਚ ਦੇਸ਼ ਦੇ ਜਿਹੜੇ ਸ਼ਹਿਰਾਂ ਦੀ ਹਵਾ ਸਾਫ਼ ਹੈ ਉਨ੍ਹਾਂ ‘ਚ ਰਵਾਇਤੀ ਪਟਾਕੇ ਚਲਾਉਣ ਦੀ ਥਾਂ ‘ਤੇ ਗ੍ਰੀਨ ਪਟਾਕੇ ਚਲਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਜਦਕਿ ਪੰਜਾਬ ਦੇ ਲੁਧਿਆਣਾ, ਖੰਨਾ, ਅੰਮ੍ਰਿਤਸਰ ਤੇ ਜਲੰਧਰ ‘ਚ ਪਟਾਕੇ ਚਲਾਉਣ ਤੇ ਪਟਾਕੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਕਰਨ ਲਈ ਆਖਿਆ ਗਿਆ ਹੈ।

    ਪ੍ਰਾਪਤ ਜਾਣਕਾਰੀ ਅਨੁਸਾਰ ਐਨ.ਜੀ.ਟੀ. ਦੇ ਮੁਖੀ ਜਸਟਿਸ ਆਦਰਸ਼ ਕੁਮਾਰ ਗੋਇਲ, ਨਿਆਇਕ ਮੈਂਬਰ ਜਸਟਿਸ ਸਿਊ ਕੁਮਾਰ ਸਿੰਘ, ਮਾਹਿਰ ਮੈਂਬਰ ਸਤਿਆਵਾਨ ਸਿੰਘ ਗਾਰਬਿਆਲ ਤੇ ਮਾਹਿਰ ਮੈਂਬਰ ਨਾਗਿਨ ਨੰਦਾ ਦੇ ਬੈਂਚ ਵਲੋਂ ਸੁਣਾਏ ਫ਼ੈਸਲੇ ਦੇ ਤਹਿਤ ਦੇਸ਼ ਦੇ 122 ਸ਼ਹਿਰ ਅਜਿਹੇ ਹਨ, ਜਿਨ੍ਹਾਂ ਦੀ ਆਬੋ ਹਵਾ ਖਰਾਬ ਤੇ ਬੇਹੱਦ ਖ਼ਰਾਬ ਪੱਧਰ ‘ਤੇ ਹੈ। ਐਨ.ਜੀ.ਟੀ. ਨੇ ਜਿੱਥੇ ਪੰਜਾਬ ਦੇ ਚਾਰ ਸ਼ਹਿਰਾਂ ਸਮੇਤ ਦੇਸ਼ ਦੇ ਕਈ ਹੋਰ ਸ਼ਹਿਰਾਂ ‘ਚ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ, ਉਥੇ ਦੇਸ਼ ਦੇ ਸਾਫ਼ ਸੁਥਰੀ ਆਬੋ ਹਵਾ ਵਾਲੇ ਸ਼ਹਿਰਾਂ ‘ਚ ਵੀ ਰਵਾਇਤੀ ਪਟਾਕੇ ਚਲਾਉਣ ਦੀ ਥਾਂ ‘ਤੇ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦਾ ਹੁਕਮ ਜਾਰੀ ਕੀਤਾ ਹੈ।

    ਐਨ.ਜੀ.ਟੀ. ਵਲੋਂ ਇਹ ਹੁਕਮ 30 ਨਵੰਬਰ 2020 ਤੱਕ ਲਾਗੂ ਕਰਨ ਲਈ ਆਖਿਆ ਗਿਆ ਹੈ। ਇਸ ਸਬੰਧੀ ਐਨ.ਜੀ.ਟੀ. ਵਲੋਂ ਦੇਸ਼ ਦੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀਆਂ ਨੂੰ ਚਿੱਠੀ ਲਿਖ ਕੇ ਇਹ ਹੁਕਮ ਲਾਗੂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।


    ਐਨ.ਜੀ.ਟੀ. ਵਲੋਂ ਪਟਾਕੇ ਚਲਾਉਣ ਸਬੰਧੀ ਫ਼ੈਸਲਾ ਲੈਣ ਲਈ ਦੇਸ਼ ਦੇ ਸਾਰੇ ਪ੍ਰਦੂਸ਼ਣ ਰੋਕਥਾਮ ਬੋਰਡਾਂ ਵਲੋਂ ਹਵਾ ਗੁਣਵੱਤਾ ਦੇ ਅੰਕੜੇ ਭੇਜਣ ਲਈ ਆਖਿਆ ਗਿਆ ਸੀ। ਜਿਸ ਦੇ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਵੀ ਪੰਜਾਬ ਦੀ ਆਬੋ ਹਵਾ ਦੇ ਅੰਕੜੇ ਭੇਜ ਕੇ ਐਨ.ਜੀ.ਟੀ. ਨੂੰ ਅਪੀਲ ਕੀਤੀ ਗਈ ਸੀ ਕਿ ਪੰਜਾਬ ਦੀ ਆਬੋ ਹਵਾ ਠੀਕ ਹੈ ਅਤੇ

    ਪੰਜਾਬ ‘ਚ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਨਹੀਂ ਹੈ ਪਰ ਐਨ.ਜੀ.ਟੀ. ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ਦੇ ਬਰਾਬਰ ਜਦੋਂ ਕੇਂਦਰ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅੰਕੜਿਆਂ ‘ਤੇ ਝਾਤ ਮਾਰੀ, ਤਾਂ ਪੰਜਾਬ ਦੇ ਚਾਰ ਸ਼ਹਿਰ ਲੁਧਿਆਣਾ, ਅੰਮ੍ਰਿਤਸਰ, ਖੰਨਾ ਤੇ ਜਲੰਧਰ ‘ਚ ਹਵਾ ਖ਼ਰਾਬ ਮਿਲੀ। ਜਿਸ ਕਰਕੇ ਐਨ.ਜੀ.ਟੀ. ਨੇ ਪੰਜਾਬ ਦੇ ਇਨ੍ਹਾਂ ਚਾਰ ਸ਼ਹਿਰਾਂ ਸਮੇਤ ਦੇਸ਼ ਦੇ ਜਿਹੜੇ ਵੀ ਸ਼ਹਿਰ ‘ਚ ਹਵਾ ਦੀ ਗੁਣਵੱਤਾ ਖ਼ਰਾਬ ਹੈ, ਉਥੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।