ਅੰਮ੍ਰਿਤਸਰ ‘ਚ ਮਹਿਲਾ ਅਧਿਆਪਕਾ ਨਾਲ ਛੇੜਛਾੜ ਦਾ ਦੋਸ਼, ਸਰਵੇ ਕਰਨ ਗਈ ਸੀ ਘਰ-ਘਰ

ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੁਮਟਾਲਾ ਇਲਾਕੇ ਵਿੱਚ ਸਰਕਾਰੀ ਸਰਵੇ ਲਈ ਘਰ-ਘਰ ਜਾ ਰਹੀ ਇੱਕ ਮਹਿਲਾ ਅਧਿਆਪਕਾ ਨਾਲ ਕਥਿਤ ਛੇੜਛਾੜ ਕਰਨ ਦਾ ਦੋਸ਼ ਲੱਗਿਆ ਹੈ।

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ‘ਡਰੱਗ ਸੈਂਸਸ’ ਮੁਹਿੰਮ ਤਹਿਤ ਮਹਿਲਾ ਅਧਿਆਪਕਾ ਸਰਵੇ ਲਈ ਇੱਕ ਘਰ ਵਿੱਚ ਪਹੁੰਚੀ ਸੀ। ਦੋਸ਼ ਹੈ ਕਿ ਘਰ ਵਿੱਚ ਦਾਖਲ ਹੁੰਦੇ ਹੀ ਵਿਅਕਤੀ ਨੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ। ਇਸ ਤੋਂ ਬਾਅਦ ਮਹਿਲਾ ਨਾਲ ਕਥਿਤ ਤੌਰ ‘ਤੇ ਅਸ਼ਲੀਲ ਹਰਕਤਾਂ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮਹਿਲਾ ਨੇ ਹਿੰਮਤ ਦਿਖਾਉਂਦੇ ਹੋਏ ਖ਼ੁਦ ਨੂੰ ਬਚਾਇਆ ਅਤੇ ਘਰ ਦੇ ਬਾਥਰੂਮ ਵਿੱਚ ਜਾ ਕੇ ਅੰਦਰੋਂ ਬੰਦ ਹੋ ਗਈ। ਉਸ ਕੋਲ ਮੌਜੂਦ ਦੂਜੇ ਮੋਬਾਈਲ ਫ਼ੋਨ ਰਾਹੀਂ ਉਸ ਨੇ ਆਪਣੇ ਜਾਣਕਾਰਾਂ ਅਤੇ ਅਧਿਕਾਰੀਆਂ ਨੂੰ ਸੂਚਨਾ ਦਿੱਤੀ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸਰਵੇ ਡਿਊਟੀ ਕਰ ਰਹੀਆਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।