ਫ਼ਰੀਦਕੋਟ: ਫਰੀਦਕੋਟ ਦੇ ਸੰਘਣੀ ਆਬਾਦੀ ਵਾਲੇ ਸੰਜੇ ਨਗਰ ਦੀ 40 ਸਾਲ ਪੁਰਾਣੀ ਮੰਗ ਫ਼ਰੀਦਕੋਟ ਹਲਕੇ ਦੇ ਵਿਧਾਇਕ ਕਿੱਕੀ ਢਿੱਲੋਂ ਦੇ ਵਿਸ਼ੇਸ਼ ਯਤਨਾਂ ਸਦਕਾ ਅੱਜ ਪੂਰੀ ਹੋ ਗਈ। ਵਰਣਨਯੋਗ ਹੈ ਕਿ ਸੰਜੇ ਨਗਰ ਦੀ ਆਬਾਦੀ ਦੇ ਉੱਪਰੋਂ 11 ਕੇ.ਵੀ. ਵੋਲਟੇਜ ਦੀ ਬਿਜਲੀ ਦੀ ਲਾਈਨ ਤਕਰੀਬਨ 1 ਕਿਲੋਮੀਟਰ ਲੰਬੀ ਲੰਘਦੀ ਸੀ, ਜਿਸ ਹੇਠਾਂ ਤਕਰੀਬਨ 200 ਦੇ ਲਗਭਗ ਘਰ ਹਨ। ਇੱਥੋਂ ਦੇ ਵਸਨੀਕਾਂ ਦੀ ਕਈ ਦਹਾਕਿਆਂ ਦੀ ਮੰਗ ਸੀ ਕਿ ਇਸ ਲਾਈਨ ਨੂੰ ਆਬਾਦੀ ਤੋਂ ਪਾਸੇ ਹਟਾਇਆ ਜਾਵੇ

    ਕਿਉਂਕਿ ਇਸ ਨਾਲ ਦਰਜਨ ਤੋਂ ਵੱਧ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ ਅਤੇ ਇੱਥੋਂ ਦੇ ਵਸਨੀਕ ਆਪਣੇ ਘਰ ਦੇ ਉੱਪਰ ਕੋਈ ਵੀ ਉਸਾਰੀ ਨਹੀਂ ਕਰ ਸਕਦੇ ਸੀ ਕਿਉਂਕਿ ਇਹ ਲਾਈਨ ਘਰ ਦੀਆਂ ਛੱਤਾਂ ਤੋਂ ਸਿਰਫ਼ 3 ਫੁੱਟ ਉਚਾਈ ਦੇ ਫਾਸਲੇ ਨਾਲ ਹੀ ਲੰਘਦੀ ਸੀ। ਇਸ ਬਿਜਲੀ ਦੀ ਲਾਈਨ ਦਾ ਇੱਥੋਂ ਦੇ ਵਸਨੀਕਾਂ ਵਿੱਚ ਏਨਾ ਭੈਅ ਸੀ ਕਿ ਲੋਕ ਆਪਣੇ ਘਰਾਂ ਦੀ ਛੱਤ ਉੱਪਰ ਵੀ ਨਹੀਂ ਜਾਂਦੇ ਸਨ। ਅੱਜ ਜੈਸਨਪ੍ਰੀਤ ਸਿੰਘ ਜੈਸੀ ਢਿੱਲੋਂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਫ਼ਰੀਦਕੋਟ ਨੇ ਇਸ ਮੌਕੇ ਤੇ ਪਾਵਰ ਕਾਰਪੋਰੇਸ਼ਨ ਅਧਿਕਾਰੀਆਂ ਨਾਲ ਇਸ ਲਾਈਨ ਨੂੰ ਪਾਸੇ

    ਹਟਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਉਨਾਂ ਦੱਸਿਆ ਕਿ ਇਸ ਲਾਈਨ ਨੂੰ ਪਾਸੇ ਹਟਾਉਣ ਲਈ ਬਿਜਲੀ ਵਿਭਾਗ ਵੱਲੋਂ 14 ਲੱਖ ਰੁਪਏ ਦਾ ਐਸਟੀਮੇਟ ਬਣਾਇਆ ਗਿਆ ਸੀ ਪਰ ਇਸ ਮੁਹੱਲੇ ਦੇ ਵਸਨੀਕ ਇਸ ਖਰਚੇ ਨੂੰ ਭਰਨ ਤੋਂ ਅਸਮਰੱਥ ਸਨ, ਜਿਸ ਕਰਕੇ ਵਿਧਾਇਕ ਕਿੱਕੀ ਢਿੱਲੋਂ ਨੇ ਉਕਤ ਮਸਲੇ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ,

    ਜਿਸ ਉਪਰੰਤ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਕਤ ਲਾਈਨ ਨੂੰ ਪਾਸੇ ਹਟਾਉਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਦੇ ਹੁਕਮ ਕੀਤੇ ਅਤੇ ਅੱਜ ਇਹ ਲਾਈਨ ਪਾਸੇ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪਾਵਰ ਕਾਰਪੋਰੇਸ਼ਨ ਫਰੀਦਕੋਟ ਦੇ ਐਕਸੀਅਨ ਮਨਦੀਪ ਸਿੰਘ ਸੰਧੂ ਅਤੇ ਐਸ.ਡੀ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਾਈਨ ਕਾਰਨ ਜਿੱਥੇ ਸੰਜੇ ਨਗਰ ਵਾਸੀਆਂ ਨੂੰ ਬਹੁਤ ਵੱਡੀ ਸਮੱਸਿਆ ਸੀ,

    ਉੱਥੇ ਹੀ ਪਾਵਰ ਕਾਰਪੋਰੇਸ਼ਨ ਨੂੰ ਵੀ ਉਕਤ ਲਾਈਨ ਕਰਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨਾਂ ਦੱਸਿਆ ਕਿ ਹੁਣ ਵਿਧਾਇਕ ਕਿੱਕੀ ਢਿੱਲੋਂ ਦੇ ਯਤਨਾਂ ਸਦਕਾ ਇਸ ਲਾਈਨ ਨੂੰ ਆਬਾਦੀ ਵਿੱਚੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਡਾ.ਜਗੀਰ ਸਿੰਘ ਐਮ.ਸੀ. ਅਤੇ ਡਾ.ਕਸ਼ਮੀਰ ਸਿੰਘ ਸਮੇਤ ਮੁਹੱਲਾ ਵਾਸੀਆਂ

    ਨੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਲਾਈਨ ਨੂੰ ਪਾਸੇ ਹਟਾਉਣ ਨਾਲ ਉਨਾਂ ਦਾ ਭਵਿੱਖ ਸੁਖਾਲਾ ਹੋ ਗਿਆ ਹੈ।