ਪੰਜਾਬ ਵਿੱਚ ਅਗਲੇ 48 ਘੰਟੇ ਅਹਿਮ: 21 ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ, 6 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ)  :- ਪੰਜਾਬ ਵਿੱਚ ਮੌਨਸੂਨ ਦੀ ਐਂਟਰੀ ਹੋਣ ਦੇ ਬਾਵਜੂਦ ਹੁਣ ਤੱਕ ਬਾਰਿਸ਼ ਦੀ ਰਫ਼ਤਾਰ ਉਮੀਦਾਂ ਮੁਤਾਬਕ ਨਹੀਂ ਰਹੀ, ਜਿਸ ਕਾਰਨ ਗਰਮੀ ਅਤੇ ਨਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਗਲਵਾਰ ਨੂੰ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 42.4 ਡਿਗਰੀ ਸੈਲਸੀਅਸ ਰਿਹਾ।

ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਅਗਲੇ 48 ਘੰਟਿਆਂ ਨੂੰ ਨਾਜ਼ੁਕ ਕਰਾਰ ਦਿੰਦਿਆਂ 8 ਅਤੇ 9 ਜੁਲਾਈ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਵਿੱਚ ਇੱਕ-ਦੋ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ।

ਇਸ ਤੋਂ ਇਲਾਵਾ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਕਈ ਇਲਾਕਿਆਂ ਵਿੱਚ, ਜਦਕਿ ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਸਮਾਨ ਬੱਦਲਵਾਈ ਵਾਲਾ ਰਹੇਗਾ।

ਭਾਰੀ ਗਰਮੀ ਕਾਰਨ ਮੰਗਲਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 15,003 ਮੈਗਾਵਾਟ ਤੱਕ ਪਹੁੰਚ ਗਈ। ਸੂਬੇ ਦਾ ਆਪਣਾ ਬਿਜਲੀ ਉਤਪਾਦਨ 4,673 ਮੈਗਾਵਾਟ ਰਿਹਾ, ਜਦਕਿ ਕੇਂਦਰੀ ਪੂਲ ਤੋਂ 10,578 ਮੈਗਾਵਾਟ ਬਿਜਲੀ ਅਲਾਟ ਕੀਤੀ ਗਈ।

ਉੱਧਰ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਅੰਕੜਿਆਂ ਅਨੁਸਾਰ 7 ਜੁਲਾਈ ਨੂੰ ਭਾਖੜਾ ਡੈਮ ਦਾ ਜਲ ਪੱਧਰ 1,567.02 ਫੁੱਟ ਦਰਜ ਕੀਤਾ ਗਿਆ। ਡੈਮ ਵਿੱਚ 38,018 ਕਿਊਸਿਕ ਪਾਣੀ ਦੀ ਆਮਦ ਹੋਈ, ਜਦਕਿ 23,229 ਕਿਊਸਿਕ ਪਾਣੀ ਛੱਡਿਆ ਗਿਆ। ਪੌਂਗ ਡੈਮ ਦਾ ਜਲ ਪੱਧਰ 1,318.71 ਫੁੱਟ ਰਿਹਾ, ਜਿੱਥੇ 17,875 ਕਿਊਸਿਕ ਪਾਣੀ ਦੀ ਆਮਦ ਅਤੇ 15,500 ਕਿਊਸਿਕ ਪਾਣੀ ਦੀ ਨਿਕਾਸੀ ਦਰਜ ਕੀਤੀ ਗਈ।

ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਦੱਸਿਆ ਕਿ ਅਗਲੇ ਦੋ ਤੋਂ ਤਿੰਨ ਦਿਨਾਂ ਦੌਰਾਨ ਦੱਖਣ-ਪੱਛਮੀ ਮੌਨਸੂਨ ਪੰਜਾਬ ਦੇ ਬਾਕੀ ਰਹਿੰਦੇ ਦੋ ਜ਼ਿਲ੍ਹਿਆਂ ਨੂੰ ਵੀ ਪੂਰੀ ਤਰ੍ਹਾਂ ਕਵਰ ਕਰ ਲਵੇਗਾ। ਉਨ੍ਹਾਂ ਕਿਹਾ ਕਿ ਇੱਕ ਸਰਗਰਮ ਪੱਛਮੀ ਗੜਬੜ ਦੇ ਪ੍ਰਭਾਵ ਕਾਰਨ ਮੌਨਸੂਨ ਹੋਰ ਮਜ਼ਬੂਤ ਹੋਵੇਗਾ ਅਤੇ ਅਗਲੇ ਕੁਝ ਦਿਨਾਂ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਅਤੇ ਨਮੀ ਤੋਂ ਵੱਡੀ ਰਾਹਤ ਮਿਲੇਗੀ।