ਚੰਡੀਗੜ੍ਹ ਨੇ ਮਾਰੀ ਬਾਜ਼ੀ, ਪੰਜਾਬ ਸਿੱਖਿਆ ਪ੍ਰਦਰਸ਼ਨ ‘ਚ ਦੇਸ਼ ਭਰ ‘ਚ ਦੂਜੇ ਸਥਾਨ ‘ਤੇ

ਨਵੀਂ ਦਿੱਲੀ (ਅਰਸ਼ਦੀਪ ਸਿੰਘ ਕਾਲੜਾ)  :- ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ (ਪੀ.ਜੀ.ਆਈ.) 2025-26 ਦੀ ਤਾਜ਼ਾ ਰਿਪੋਰਟ ਵਿੱਚ ਚੰਡੀਗੜ੍ਹ ਨੇ ਦੇਸ਼ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ, ਕੇਰਲ, ਦਿੱਲੀ ਅਤੇ ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਰਹੇ ਹਨ।

ਇਸ ਵਾਰ ਪੀ.ਜੀ.ਆਈ. 2.0 ਤਹਿਤ ਸੂਬਿਆਂ ਦੀ ਰਵਾਇਤੀ ਰੈਂਕਿੰਗ ਦੀ ਬਜਾਏ ਗ੍ਰੇਡਿੰਗ ਪ੍ਰਣਾਲੀ ਅਪਣਾਈ ਗਈ ਹੈ, ਜਿਸ ਦਾ ਉਦੇਸ਼ ਸਿੱਖਿਆ ਖੇਤਰ ਵਿੱਚ ਸਕਾਰਾਤਮਕ ਅਤੇ ਸੰਤੁਲਿਤ ਮੁਕਾਬਲੇ ਨੂੰ ਉਤਸ਼ਾਹਿਤ ਕਰਨਾ ਹੈ। ਰਿਪੋਰਟ ਵਿੱਚ 70 ਵੱਖ-ਵੱਖ ਸੂਚਕਾਂ ਦੇ ਆਧਾਰ ‘ਤੇ ਸੂਬਿਆਂ ਦਾ ਮੁਲਾਂਕਣ ਕੀਤਾ ਗਿਆ, ਜਿਨ੍ਹਾਂ ਨੂੰ ਮੁੱਖ ਤੌਰ ‘ਤੇ ‘ਨਤੀਜੇ’ ਅਤੇ ‘ਸ਼ਾਸਨ ਤੇ ਪ੍ਰਬੰਧਨ’ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

ਰਿਪੋਰਟ ਅਨੁਸਾਰ 90 ਫੀਸਦੀ ਤੋਂ ਵੱਧ ਅੰਕਾਂ ਵਾਲੇ ਸਰਵੋੱਚ ‘ਉਤਕਰਸ਼’ ਗ੍ਰੇਡ ਵਿੱਚ ਕੋਈ ਵੀ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਥਾਂ ਨਹੀਂ ਬਣਾ ਸਕਿਆ। ਇਸ ਤੋਂ ਇਲਾਵਾ ‘ਉੱਤਮ-1’ ਅਤੇ ‘ਉੱਤਮ-2’ ਗ੍ਰੇਡ ਵਿੱਚ ਵੀ ਕੋਈ ਸੂਬਾ ਨਹੀਂ ਪਹੁੰਚਿਆ। ਚੰਡੀਗੜ੍ਹ ਇਕੱਲਾ ਅਜਿਹਾ ਕੇਂਦਰ ਸ਼ਾਸਿਤ ਪ੍ਰਦੇਸ਼ ਰਿਹਾ, ਜਿਸ ਨੇ ‘ਉੱਤਮ-3’ (61-70 ਫੀਸਦੀ) ਗ੍ਰੇਡ ਹਾਸਲ ਕੀਤਾ।

ਜ਼ਿਲ੍ਹਾ ਪੱਧਰ ਦੀ ਗੱਲ ਕਰੀਏ ਤਾਂ ਦੇਸ਼ ਦੇ ਕੁੱਲ 19 ਜ਼ਿਲ੍ਹਿਆਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ‘ਉੱਤਮ-2’ ਗ੍ਰੇਡ ਹਾਸਲ ਕੀਤਾ। ਇਨ੍ਹਾਂ ਵਿੱਚ ਪੰਜਾਬ ਦਾ ਦਬਦਬਾ ਸਪੱਸ਼ਟ ਤੌਰ ‘ਤੇ ਨਜ਼ਰ ਆਇਆ। ਰਿਪੋਰਟ ਮੁਤਾਬਕ ਇਨ੍ਹਾਂ 19 ਸਰਵੋਤਮ ਜ਼ਿਲ੍ਹਿਆਂ ਵਿੱਚ ਪੰਜਾਬ ਦੇ 7, ਦਿੱਲੀ ਦੇ 4, ਕੇਰਲ ਦੇ 3 ਅਤੇ ਮਹਾਰਾਸ਼ਟਰ ਦੇ 2 ਜ਼ਿਲ੍ਹੇ ਸ਼ਾਮਲ ਹਨ। ਇਸ ਤੋਂ ਇਲਾਵਾ ਚੰਡੀਗੜ੍ਹ, ਦੀਊ ਅਤੇ ਹਿਮਾਚਲ ਪ੍ਰਦੇਸ਼ ਦਾ ਹਮੀਰਪੁਰ ਵੀ ਇਸ ਸੂਚੀ ਦਾ ਹਿੱਸਾ ਹਨ।

ਸਿੱਖਿਆ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਦੇਸ਼ ਦੇ 462 ਜ਼ਿਲ੍ਹਿਆਂ ਨੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦਰਜ ਕੀਤਾ ਹੈ, ਜਿਨ੍ਹਾਂ ਵਿੱਚੋਂ 50 ਜ਼ਿਲ੍ਹਿਆਂ ਨੇ ਗ੍ਰੇਡ ਪੱਧਰ ‘ਤੇ ਤਰੱਕੀ ਕੀਤੀ। ਹਾਲਾਂਕਿ, ਅਜੇ ਵੀ ਕੋਈ ਵੀ ਜ਼ਿਲ੍ਹਾ ਸਰਵੋੱਚ ‘ਉਤਕਰਸ਼’ ਗ੍ਰੇਡ ਹਾਸਲ ਨਹੀਂ ਕਰ ਸਕਿਆ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੱਖਿਆ ਖੇਤਰ ਵਿੱਚ ਹੋਰ ਸੁਧਾਰ ਦੀ ਲੋੜ ਹੈ।

ਇਹ ਇੰਡੈਕਸ ਡਿਜੀਟਲ ਲਰਨਿੰਗ, ਸਕੂਲ ਸੁਰੱਖਿਆ, ਬੁਨਿਆਦੀ ਢਾਂਚੇ, ਸਿੱਖਣ ਦੇ ਨਤੀਜਿਆਂ ਸਮੇਤ 11 ਮਹੱਤਵਪੂਰਨ ਮਾਪਦੰਡਾਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਸੂਬਿਆਂ ਅਤੇ ਜ਼ਿਲ੍ਹਿਆਂ ਦੀ ਸਿੱਖਿਆ ਪ੍ਰਣਾਲੀ ਦੇ ਪ੍ਰਦਰਸ਼ਨ ਦਾ ਮੁਲਾਂਕਣ ਕੀਤਾ ਜਾਂਦਾ ਹੈ।