ਚੰਡੀਗੜ੍ਹ,(ਗਗਨਦੀਪ): ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਚੋਣਾਂ ਵਿਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਦੇ ਵੋਟਰਾਂ ਨੂੰ ਰਿਸ਼ਵਤ ਲੈਣ ਅਤੇ ਝੂਠੀਆਂ ਸਹੁੰਆਂ ਖਾਣ ਵਾਸਤੇ ਕਹਿਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਚੋਣ ਕਮਿਸ਼ਨ ਨੂੰ ਪਾਰਟੀ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਵਾਸਤੇ ਆਖਿਆ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਨੇ ਪਟਿਆਲਾ ਦਿਹਾਤੀ ਹਲਕੇ ਵਿਚ ਪੈਂਫਲੈਟ ਸੁੱਟਵਾ ਕੇ ਲੋਕਾਂ ਨੂੰ ਦੂਜਿਆਂ ਪਾਰਟੀਆਂ ਤੋਂ ਪੈਸੇ ਲੈ ਕੇ ਆਪ ਨੂੰ ਵੋਟਾਂ ਪਾਉਣ ਵਾਸਤੇ ਆਖਿਆ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਕਮਿਸ਼ਨ ਦੇ ਨਿਯਮਾਂ ਦੀ ਘੋਰ ਉਲੰਘਣਾ ਹੈ। ਉਹਨਾਂ ਕਿਹਾ ਕਿ ਇਹ ਹੋਰ ਵੀ ਨਿੰਦਣਯੋਗ ਗੱਲ ਹੈ ਕਿ ਆਪ ਵੱਲੋਂ ਵੰਡੇ ਪਰਚਿਆਂ ਵਿਚ ਪ੍ਰਕਾਸ਼ਤਾਂ ਦਾ ਨਾਂ ਵੀ ਨਹੀਂ ਹੈ ਤੇ ਨਾ ਹੀ ਕਿਸੇ ਪਾਰਟੀ ਆਗੂ ਦਾ ਨਾਂ ਹੈ ਜਿਸਨੇ ਇਹ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਆਪ ਵੱਲੋਂ ਲੋਕਾਂ ਨੂੰ ਹੋਰ ਪਾਰਟੀਆਂ ਤੋਂ ਪੈਸੇ ਲੈਣ ਲਈ ਕਹਿਣਾ ਚੋਣ ਪ੍ਰਕਿਰਿਆ ਵਿਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨਾ ਹੈ।

    ਡਾ. ਚੀਮਾ ਨੇ ਕਿਹਾ ਕਿ ਆਪ ਕੇਡਰ ਨੇ ਪਹਿਲਾਂ ਹੀ ਇਸਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਚੋਣਾਂ ਲਈ ਟਿਕਟਾਂ ਵੇਚਣ ਦੇ ਦੋਸ਼ ਲਗਾਏ ਹਨ।
    ਉਨ੍ਹਾਂ ਕਿਹਾ ਕਿ ਆਪ ਨੇ ਲੋਕਾਂ ਨੂੰ ਇਹ ਵੀ ਕਿਹਾ ਹੈ ਕਿ ਸਿਆਸੀ ਪਾਰਟੀਆਂ ਤੋਂ ਪੈਸੇ ਲੈਣ ਵਾਸਤੇ ਝੂਠੀਆਂ ਸਹੁੰਆਂ ਖਾ ਲੈਣ। ਉਹਨਾਂ ਨੇ ਕੇਜਰੀਵਾਲ ਨੂੰ ਚੇਤੇ ਕਰਵਾਇਆ ਕਿ ਇਹ ਪੰਜਾਬ ਦਾ ਸਭਿਆਚਾਰ ਨਹੀਂ ਹੈ ਅੇਤ ਸੂਬੇ ਦੇ ਵੋਟਰ ਪੈਸੇ ਦੀ ਤਾਕਤ ਨਾਲ ਨਹੀਂ ਖਰੀਦੇ ਜਾ ਸਕਦੇ। ਉਹਨਾਂ ਕਿਹਾ ਕਿ ਪਾਰਟੀ ਦੀਆਂ ਇਹਨਾਂ ਕੋਝੀਆਂ ਹਰਕਤਾਂ ਨਾਲ ਇਸਦੇ ਕੰਮ ਕਰਨ ਦਾ ਤਰੀਕਾ ਬੇਨਕਾਬ ਹੋ ਗਿਆ ਹੈ ਤੇ ਇਸਦੇ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਡਾ. ਚੀਮਾ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਆਖਿਆ ਕਿ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਨਾਲੋਂ ਉਹ ਆਪਣੇ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਦੇਣ।