ਜਲੰਧਰ- ਕੋਰੋਨਾ ਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਸੰਬੰਧ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਸ਼ੁੱਕਰਵਾਰ ਨੂੰ ਕੋਵਿਡ ਸਮੀਖਿਆ ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਨਾਂ ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦੀ ਇੱਕ ਵੀ ਡੋਜ਼ ਨਹੀਂ ਲੱਗੀ ਹੈ, ਉਨ੍ਹਾਂ ਨੂੰ ਜ਼ਬਰੀ ਛੁੱਟੀ ‘ਤੇ ਭੇਜਿਆ ਜਾਵੇਗਾ। ਇਸ ਦੇ ਲਈ ਅੰਤਿਮ ਮਿਤੀ 15 ਸਤੰਬਰ ਤੈਅ ਕੀਤੀ ਗਈ ਹੈ। ਸਿਰਫ ਉਨ੍ਹਾਂ ਕਰਮਚਾਰੀਆਂ ਨੂੰ ਹੀ ਇਸ ਆਦੇਸ਼ ਤੋਂ ਛੋਟ ਮਿਲੇਗੀ, ਜੋ ਸਿਹਤ ਕਾਰਨਾਂ ਕਰਕੇ ਟੀਕਾ ਨਹੀਂ ਲਗਵਾ ਸਕਦੇ।

    ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ ਤਾਂ ਜੋ ਜਿਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਉਨ੍ਹਾਂ ਨੂੰ ਵੈਕਸੀਨ ਤੋਂ ਲਗਾਤਾਰ ਝਿਜਕਣ ਵਾਲਿਆਂ ਦੀ ਕੀਮਤ ਨਾ ਚੁਕਾਉਣੀ ਪਵੇ। ਇਸ ਤੋਂ ਇਲਾਵਾ ਉਨ੍ਹਾਂ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੂੰ ਡਿਊਟੀ ਕਰਨ ਦੀ ਆਗਿਆ ਦੇ ਦਿੱਤੀ ਹੈ, ਜਿਨ੍ਹਾਂ ਨੇ ਘੱਟੋ-ਘੱਟ 4 ਹਫ਼ਤੇ ਪਹਿਲਾਂ ਟੀਕੇ ਦੀ ਇੱਕ ਖੁਰਾਕ ਲਈ ਹੈ। ਹਾਲਾਂਕਿ ਉਨ੍ਹਾਂ ਨੂੰ ਕੋਵਿਡ ਟੈਸਟ ਦੀ ਹਫਤਾਵਾਰੀ ਆਰ.ਟੀ.ਪੀ.ਸੀ.ਆਰ. ਨੈਗੇਟਿਵ ਰਿਪੋਰਟ ਜਮ੍ਹਾਂ ਕਰਾਉਣੀ ਪਵੇਗੀ। ਜਿਨ੍ਹਾਂ ਨੂੰ ਕੋਈ ਹੋਰ ਸਿਹਤ ਸੰਬੰਧੀ ਸਮੱਸਿਆ ਹੈ ਅਤੇ ਉਨ੍ਹਾਂ ਨੇ ਕੋਵਿਡ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਇਹ ਰਿਪੋਰਟ ਸਿਰਫ ਇੱਕ ਵਾਰ ਦੇਣੀ ਪਏਗੀ।