
Skip to content

(ਅਮਿਤ ਨਖਵਾਲ) ਚੰਡੀਗੜ੍ਹ, 18 ਜੁਲਾਈ: ਪੰਜਾਬ ਅਤੇ ਹਰਿਆਣਾ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇੱਕ ਵੱਡੇ ਅੰਤਰਰਾਸ਼ਟਰੀ ਆਪ੍ਰੇਸ਼ਨ ਨੂੰ ਅੰਜਾਮ ਦਿੰਦਿਆਂ ਅਫਰੀਕੀ ਦੇਸ਼ ਅੰਗੋਲਾ ਤੋਂ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਨੂੰ ਗੈਂਗਸਟਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਵਿੱਚ ਇੱਕ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਰਿੰਦਰ ਉਰਫ਼ ਜੋਬਨ ਸਡੋਕ ਅਤੇ ਮਨਜੋਤ ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਵਰਿੰਦਰ ਪੰਜਾਬ ਵਿੱਚ ਕਤਲ ਦੇ ਚਾਰ ਸਨਸਨੀਖੇਜ਼ ਮਾਮਲਿਆਂ ਵਿੱਚ ਲੋੜੀਂਦਾ ਸੀ, ਜਦਕਿ ਮਨਜੋਤ ਹਰਿਆਣਾ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਪੁਲਿਸ ਨੂੰ ਵਾਂਛਿਤ ਸੀ।
ਜਾਂਚ ਏਜੰਸੀਆਂ ਮੁਤਾਬਕ ਦੋਵੇਂ ਮੁਲਜ਼ਮ ਗੋਪੀ ਘਨਸ਼ਿਆਮਪੁਰੀਆ ਅਤੇ ਡੋਨੀ ਬੱਲ ਗੈਂਗ ਦੇ ਸਰਗਰਮ ਮੈਂਬਰ ਹਨ। ਵਰਿੰਦਰ ਦੀ ਗ੍ਰਿਫ਼ਤਾਰੀ ਲਈ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਗੈਂਗਸਟਰਾਂ ਵਿਰੁੱਧ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਏ ਗਏ ਸਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੰਜਾਬ ਪੁਲਿਸ ਲਗਾਤਾਰ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਨਾਲ ਤਾਲਮੇਲ ਬਣਾਈ ਹੋਈ ਸੀ। ਇਸ ਸਾਂਝੇ ਆਪ੍ਰੇਸ਼ਨ ਦੇ ਨਤੀਜੇ ਵਜੋਂ ਅੰਗੋਲਾ ਵਿੱਚ ਦੋਵਾਂ ਨੂੰ ਕਾਬੂ ਕੀਤਾ ਗਿਆ।
ਵਿਦੇਸ਼ੀ ਧਰਤੀ ‘ਤੇ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਦੋਵਾਂ ਮੁਲਜ਼ਮਾਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਭਾਰਤ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗ੍ਰਿਫ਼ਤਾਰੀ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਸਰਗਰਮ ਗੈਂਗਸਟਰ ਨੈੱਟਵਰਕ ਨੂੰ ਵੱਡਾ ਝਟਕਾ ਲੱਗੇਗਾ ਅਤੇ ਕਈ ਅਹਿਮ ਮਾਮਲਿਆਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਰਿਪੋਰਟ: ਅਮਿਤ ਨਖਵਾਲ
Related