ਫਿਰੋਜ਼ਪੁਰ (ਜਤਿੰਦਰ ਪਿੰਕਲ): ਪੰਜਾਬ ਮਾਸਟਰ ਗੇਮਜ਼ ਐਸੋਸੀਏਸ਼ਨ (ਰਜਿ:) ਵੱਲੋਂ ਬੀਤੇ ਦਿਨੀਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕਪੂਰਥਲਾ ਵਿਖੇ ਕਰਵਾਈਆਂ ਪੰਜਾਬ ਸਟੇਟ ਮਾਸਟਰ ਗੇਮਜ਼ ਵਿਚ ਆਪਣੀ ਜੇਤੂ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਫਿਰੋਜ਼ਪੁਰ ਦੇ ਉੱਚ ਕੋਟੀ ਦੇ ਵੈਟਰਨ ਅਥਲੀਟ ਡਾ: ਗੁਰਿੰਦਰ ਜੀਤ ਸਿੰਘ ਢਿੱਲੋਂ ਨੇ ਦੋ ਸੋਨੇ ਤੇ ਇਕ ਚਾਂਦੀ ਦਾ ਤਗਮਾ ਜਿੱਤ ਕੇ ਆਪਣਾ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਮੌਜੂਦਾ ਸਮੇਂ ਵਿੱਚ ਜ਼ਿਲ੍ਹਾ ਮਾਸਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਰਿਟਾਇਰਡ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਲੰਬਾ ਸਮਾਂ ਸਿਹਤ ਵਿਭਾਗ ਵਿੱਚ ਚਮੜੀ ਰੋਗ ਮਾਹਿਰ ਵਜੋਂ ਕਾਰਜਸ਼ੀਲ ਰਹਿੰਦਿਆਂ ਸ਼ਾਨਦਾਰ ਵਿਭਾਗੀ ਪ੍ਰਾਪਤੀਆਂ ਸਦਕਾ ਨਵੇਂ ਮੀਲ ਪੱਥਰ ਗੱਡੇ ਹਨ।

    23 ਤੋਂ 24 ਮਾਰਚ ਤੱਕ ਹੋਈਆਂ ਪੰਜਾਬ ਸਟੇਟ ਮਾਸਟਰਜ਼ ਗੇਮਜ਼ ਵਿੱਚ ਡਾਕਟਰ ਢਿੱਲੋਂ ਨੇ ਜੈਵਲਿਨ ਥਰੋਅ ਤੇ ਸ਼ਾਟ ਪੁੱਟ ਵਿੱਚ ਸੋਨ ਤਗਮੇ ਜਦੋਂ ਕਿ ਹੈਮਰ ਥਰੋਅ ਵਿਚੋਂ ਚਾਂਦੀ ਦਾ ਤਗਮਾ ਜਿੱਤਿਆ ਹੈ। ਆਪਣੀਆਂ ਪ੍ਰਾਪਤੀਆਂ ‘ਤੇ ਫ਼ਖ਼ਰ ਮਹਿਸੂਸ ਕਰਦੇ ਹੋਏ ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਨਵੰਬਰ 2023 ਤੋਂ ਹੁਣ ਤੱਕ ਉਹ ਇਕ ਕੌਮੀ, 3 ਰਾਜ ਤੇ 2 ਜ਼ਿਲ੍ਹਾ ਪੱਧਰ ‘ਤੇ ਹੋਏ 70 ਸਾਲ ਤੋਂ ਵੱਧ ਉਮਰ ਵਰਗ ਦੇ ਮੁਕਾਬਲਿਆਂ ਵਿੱਚੋਂ 14 ਸੋਨੇ, 2 ਚਾਂਦੀ ਤੇ ਇਕ ਕਾਂਸੇ ਦੇ ਤਮਗੇ ਸਮੇਤ ਕੁੱਲ 17 ਤਗਮੇ ਆਪਣੀ ਝੋਲੀ ਪੁਆ ਚੁੱਕੇ ਹਨ। ਜਿਹਨਾਂ ਵਿਚ 28 ਤੋਂ 30 ਨਵੰਬਰ ਤੱਕ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ਦੌਰਾਨ ਸ਼ਾਟ ਪੁੱਟ, ਜੈਵਲਿਨ ਥਰੋਅ ਤੇ ਡਿਸਕਸ ਥਰੋਅ ਵਿਚੋਂ 3 ਸੋਨ ਤਗਮੇ, ਰਾਜ ਪੱਧਰੀ ਮੁਕਾਬਲਿਆਂ ਵਿੱਚ 23 ਤੋਂ 24 ਦਸੰਬਰ ਤੱਕ ਮਸਤੂਆਣਾ (ਸੰਗਰੂਰ) ਵਿਖੇ ਹੋਈ ਸਟੇਟ ਚੈਂਪੀਅਨਸ਼ਿਪ ਵਿਚੋਂ ਸ਼ਾਟ ਪੁੱਟ ਵਿਚ ਸੋਨੇ, ਜੈਵਲਿਨ ਥਰੋਅ ਵਿਚੋਂ ਚਾਂਦੀ ਤੇ ਡਿਸਕਸ ਥਰੋਅ ਵਿਚੋਂ ਕਾਂਸੀ ਦਾ ਤਗਮਾ, 3 ਮਾਰਚ ਨੂੰ ਜੈਤੋ ਵਿਖੇ ਹੋਈ ਸਟੇਟ ਚੈਂਪੀਅਨਸ਼ਿਪ ਵਿਚੋਂ ਜੈਵਲਿਨ ਥਰੋਅ ਤੇ ਡਿਸਕਸ ਥਰੋਅ ਵਿਚੋਂ ਸੋਨੇ ਦੇ ਤਗਮੇ ਜਦੋਂ ਕਿ ਦਸੰਬਰ 2023 ਤੇ ਫਰਵਰੀ 2024 ਦੌਰਾਨ ਡਾਕਟਰ ਢਿੱਲੋਂ ਨੇ ਜੈਵਲਿਨ ਥਰੋਅ, ਡਿਸਕਸ ਥਰੋਅ ਤੇ ਹੈਮਰ ਥਰੋਅ ਵਿਚੋਂ 6 ਸੋਨੇ ਦੇ ਤਗਮੇ ਜਿੱਤ ਕੇ ਰਿਕਾਰਡ ਸਥਾਪਤ ਕੀਤਾ ਹੈ। ਡਾਕਟਰ ਗੁਰਿੰਦਰਜੀਤ ਸਿੰਘ ਢਿੱਲੋਂ ਵਲੋਂ ਲਗਾਤਾਰ ਗੱਡੇ ਜਾ ਰਹੇ ਸਫਲਤਾ ਦੇ ਝੰਡਿਆਂ ‘ਤੇ ਜ਼ਿਲ੍ਹਾ ਮਾਸਟਰਜ਼ ਐਸੋਸੀਏਸ਼ਨ ਫਿਰੋਜ਼ਪੁਰ, ਖੇਡ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਵੱਖ ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਵਧਾਈ ਦਿੰਦਿਆਂ ਭਵਿੱਖ ਵਿੱਚ ਡਾ: ਢਿੱਲੋਂ ਦੇ ਹੋਰ ਬੁਲੰਦੀਆਂ ਛੂਹਣ ਦੀ ਕਾਮਨਾ ਕੀਤੀ ਹੈ।