
Skip to content

ਲੁਧਿਆਣਾ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੂੰ ਵੱਡੀ ਕਾਮਯਾਬੀ, 2 ਹੋਰ ਖਤਰਨਾਕ ਗੁਰਗੇ ਗ੍ਰਿਫ਼ਤਾਰ; ਮਿਲੇ ਮਿਲਟਰੀ ਗ੍ਰੇਡ ਹੈਂਡ ਗ੍ਰੇਨੇਡ, ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ
ਲੁਧਿਆਣਾ: ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਅਤੇ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਨਾਲ ਮਿਲ ਕੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 17 ਮਈ ਨੂੰ ਬੇਨਕਾਬ ਕੀਤੇ ਗਏ ਆਤੰਕੀ-ਗੈਂਗਸਟਰ ਮੋਡੀਊਲ ਦੇ ਬੈਕਵਰਡ ਲਿੰਕ ਖੰਗਾਲਦਿਆਂ ਦੋ ਹੋਰ ਖਤਰਨਾਕ ਗੁਰਗਿਆਂ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਮਿਲਟਰੀ ਗ੍ਰੇਡ ਦੇ 2 ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ ਹੋਏ ਹਨ, ਜਿਸ ਨਾਲ ਪੰਜਾਬ ਵਿੱਚ ਵੱਡੇ ਟਾਰਗੇਟਡ ਹਮਲਿਆਂ ਦੀ ਖੌਫਨਾਕ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ (IPS) ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਪੇਸ਼ੇਵਰ ਜਾਂਚ ਰਾਹੀਂ ਇੱਕ ਵੱਡੀ ਆਤੰਕੀ ਵਾਰਦਾਤ ਨੂੰ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਇਹ ਗਿਰੋਹ ਪੰਜਾਬ ਦੇ ਅਮਨ-ਚੈਨ ਨੂੰ ਖ਼ਰਾਬ ਕਰਨ ਦੀ ਸਾਜ਼ਿਸ਼ ਰਚ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਸ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼ 17 ਮਈ ਨੂੰ ਉਸ ਵੇਲੇ ਹੋਇਆ ਸੀ, ਜਦੋਂ ਥਾਣਾ ਲਾਡੋਵਾਲ ਅਧੀਨ ‘ਹਾਰਡਿਜ਼ ਵਰਲਡ’ ਨੇੜੇ ਇੱਕ ਵੱਡੀ ਸ਼ੂਟਿੰਗ ਦੀ ਵਾਰਦਾਤ ਨੂੰ ਪੁਲਿਸ ਨੇ ਨਾਕਾਮ ਕੀਤਾ ਸੀ। ਉਸ ਸਮੇਂ ਪੁਲਿਸ ਨੇ ਅਨੁਰਾਜ ਉਰਫ਼ ਗੌਰਵ ਮਸੀਹ ਅਤੇ ਅੰਕੁਸ਼ ਵਾਸੀ ਫਿਲੌਰ ਨੂੰ 3 ਪਿਸਤੌਲਾਂ ਅਤੇ 11 ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਸੀ ਕਿ ਇਹ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਜ਼ੋਰਾਵਰ ਸਿੰਘ (ਜਰਮਨੀ), ਸਾਹਿਲ ਸੋਂਧੀ ਉਰਫ਼ ਚੁੰਜ (ਦੁਬਈ) ਅਤੇ ਲੱਖਾ (ਜਰਮਨੀ) ਦੇ ਸਿੱਧੇ ਸੰਪਰਕ ਵਿੱਚ ਸਨ ਅਤੇ ਪੰਜਾਬ ਵਿੱਚ ਹਾਈ-ਪ੍ਰੋਫ਼ਾਈਲ ਟਾਰਗੇਟਡ ਕਿਲਿੰਗਜ਼ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਇਸ ਮਾਮਲੇ ਵਿੱਚ ਥਾਣਾ ਲਾਡੋਵਾਲ ਵਿੱਚ ਆਰਮਜ਼ ਐਕਟ ਅਤੇ ਬੀ.ਐਨ.ਐਸ. ਦੀ ਧਾਰਾ 111 ਤਹਿਤ ਐਫਆਈਆਰ ਨੰਬਰ 91 ਦਰਜ ਕੀਤੀ ਗਈ ਸੀ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲਗਾਤਾਰ ਜਾਂਚ ਦੌਰਾਨ ਟੀਮਾਂ ਨੂੰ ਇਸ ਮੋਡੀਊਲ ਦੀ ‘ਐਕਸਪਲੋਸਿਵ ਸਪਲਾਈ ਚੇਨ’ ਬਾਰੇ ਮਹੱਤਵਪੂਰਨ ਸੁਰਾਗ ਮਿਲੇ। ਇਸ ਤੋਂ ਬਾਅਦ ਪੁਲਿਸ ਨੇ ਮਾਝਾ ਇਲਾਕੇ ਤੋਂ ਦੋ ਹੋਰ ਮੁੱਖ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਰਨਦੀਪ ਸਿੰਘ ਉਰਫ਼ ਕਰਨ ਵਾਸੀ ਪਿੰਡ ਖੈਰਦੀਨ ਕੇ, ਥਾਣਾ ਝਬਾਲ, ਤਰਨਤਾਰਨ ਅਤੇ ਬਲਜੀਤ ਸਿੰਘ ਉਰਫ਼ ਸੰਜੂ ਵਾਸੀ ਮੁਹੱਲਾ ਪੁਰਾਣੀ ਬਸਤੀ, ਥਾਣਾ ਰੂਪਾਲਾ (ਰਮਦਾਸ), ਅੰਮ੍ਰਿਤਸਰ ਵਜੋਂ ਹੋਈ ਹੈ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮਲੇਸ਼ੀਆ ਵਿੱਚ ਬੈਠੇ ਹੈਂਡਲਰ ਆਕਾਸ਼ਦੀਪ ਉਰਫ਼ ਗੋਲਡਨ ਨੇ ਇਨ੍ਹਾਂ ਦੋਵਾਂ ਨੂੰ ਇਸ ਆਤੰਕੀ-ਗੈਂਗਸਟਰ ਮੋਡੀਊਲ ਨਾਲ ਜੋੜਿਆ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਜ਼ਿੰਦਾ ਹੈਂਡ ਗ੍ਰੇਨੇਡ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਦਰਜ ਕੇਸ ਵਿੱਚ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4, 5 ਅਤੇ ਬੀ.ਐਨ.ਐਸ. ਦੀ ਧਾਰਾ 317(2) ਵੀ ਸ਼ਾਮਲ ਕਰ ਦਿੱਤੀਆਂ ਗਈਆਂ ਹਨ।
ਪੁਲਿਸ ਮੁਤਾਬਕ ਕਰਨਦੀਪ ਸਿੰਘ ਪਹਿਲਾਂ ਤੋਂ ਹੀ ਹਿਸਟਰੀਸ਼ੀਟਰ ਹੈ। ਉਸ ਖ਼ਿਲਾਫ਼ ਥਾਣਾ ਝਬਾਲ ਵਿੱਚ 2021 ਦੌਰਾਨ ਕਤਲ ਦੀ ਕੋਸ਼ਿਸ਼, ਸਰਕਾਰੀ ਡਿਊਟੀ ਵਿੱਚ ਰੁਕਾਵਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਹਨ। ਇਸ ਤੋਂ ਇਲਾਵਾ 2022 ਵਿੱਚ ਥਾਣਾ ਸਦਰ ਬਟਾਲਾ ਵਿੱਚ ਵੀ ਡਰੱਗ ਤਸਕਰੀ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ।
Related