ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿੱਚ ਹੁਣ ਬੱਚਿਆਂ ਨੂੰ ਮਿਲੇਗਾ ਤਾਜ਼ਾ ਪੱਕਿਆ ਖਾਣਾ, ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

ਪੰਜਾਬ ਸਰਕਾਰ ਨੇ ਆਂਗਣਵਾੜੀ ਕੇਂਦਰਾਂ ਵਿੱਚ ਆਉਣ ਵਾਲੇ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਲਈ ਵੱਡਾ ਫੈਸਲਾ ਲੈਂਦਿਆਂ ਸਾਰੇ ਕੇਂਦਰਾਂ ਵਿੱਚ ਤਾਜ਼ਾ ਖਾਣਾ ਪਕਾ ਕੇ ਦੇਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰੀ ਪੱਤਰ ਨੰਬਰ 11022-44 ਅਨੁਸਾਰ ਹੁਣ ਕੇਂਦਰਾਂ ਦੇ ਅੰਦਰ ਹੀ ਮਿੱਠਾ ਦਲੀਆ, ਹਲਵਾ, ਨਮਕੀਨ ਦਲੀਆ ਅਤੇ ਖਿਚੜੀ ਵਰਗਾ ਪੌਸ਼ਟਿਕ ਭੋਜਨ ਤਿਆਰ ਕਰਕੇ ਬੱਚਿਆਂ ਨੂੰ ਪਰੋਸਿਆ ਜਾਵੇਗਾ।

ਇਸ ਫੈਸਲੇ ਦਾ ਸਵਾਗਤ ਕਰਦਿਆਂ ‘ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ’ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਇਸ ਨੂੰ ਜਥੇਬੰਦੀ ਦੇ ਲੰਬੇ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰਾਂ ਵਿੱਚ ਭੇਜੇ ਜਾਂਦੇ ਪੈਕਟਾਂ ਵਾਲੇ ਖਾਣੇ ਦੀ ਕੁਆਲਿਟੀ ਬੇਹੱਦ ਘਟੀਆ ਸੀ, ਜਿਸ ਨੂੰ ਨਾ ਬੱਚੇ ਖਾਂਦੇ ਸਨ ਅਤੇ ਨਾ ਹੀ ਹੋਰ ਲਾਭਪਾਤਰੀ ਲੈਣ ਲਈ ਤਿਆਰ ਹੁੰਦੇ ਸਨ।

ਯੂਨੀਅਨ ਨੇ ਦੋਸ਼ ਲਗਾਇਆ ਕਿ ਪੈਕਟਾਂ ਵਾਲੇ ਖਾਣੇ ਦੀ ਆੜ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਕਥਿਤ ਘਪਲਾ ਚੱਲ ਰਿਹਾ ਸੀ, ਜਿਸ ਦੇ ਖ਼ਿਲਾਫ਼ ਜਥੇਬੰਦੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਸੀ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਦਬਾਅ ਕਾਰਨ ਸਰਕਾਰ ਨੂੰ ਹੁਣ ਆਪਣਾ ਫੈਸਲਾ ਬਦਲਣਾ ਪਿਆ ਹੈ।

ਹਰਗੋਬਿੰਦ ਕੌਰ ਨੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਹੁਣ ਗਰੀਬ ਅਤੇ ਲੋੜਵੰਦ ਬੱਚਿਆਂ ਤੱਕ ਪੌਸ਼ਟਿਕ ਅਤੇ ਤਾਜ਼ਾ ਖਾਣਾ ਪਹੁੰਚ ਸਕੇਗਾ।