ਮੋਹਾਲੀ (ਅਮਿਤ ਨਖਵਾਲ): ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅਕਾਦਮਿਕ ਸਾਲ 2026-27 ਤੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਸਿਸਟਮ ਵਿੱਚ ਵੱਡਾ ਬਦਲਾਅ ਕੀਤਾ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ, ਪ੍ਰਯੋਗੀ (ਪ੍ਰੈਕਟੀਕਲ) ਪ੍ਰੀਖਿਆ ਅਤੇ ਅੰਦਰੂਨੀ ਮੁਲਾਂਕਣ ਤਿੰਨਾਂ ਵਿੱਚ ਵੱਖ-ਵੱਖ ਘੱਟੋ-ਘੱਟ 33 ਫ਼ੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਹੋਵੇਗਾ।
ਪਹਿਲਾਂ ਤਿੰਨਾਂ ਭਾਗਾਂ ਦੇ ਕੁੱਲ ਅੰਕਾਂ ਵਿੱਚੋਂ 33 ਫ਼ੀਸਦੀ ਅੰਕ ਪ੍ਰਾਪਤ ਕਰਕੇ ਵਿਦਿਆਰਥੀ ਪਾਸ ਹੋ ਜਾਂਦਾ ਸੀ, ਪਰ ਹੁਣ ਕਿਸੇ ਇੱਕ ਭਾਗ ਵਿੱਚ ਵੱਧ ਅੰਕ ਦੂਜੇ ਭਾਗ ਵਿੱਚ ਘੱਟ ਅੰਕਾਂ ਦੀ ਭਰਪਾਈ ਨਹੀਂ ਕਰ ਸਕਣਗੇ। ਬੋਰਡ ਨੇ ਇਸ ਸਬੰਧੀ ਨਵੇਂ ਮੁਲਾਂਕਣ ਮਾਡਿਊਲ ਵੀ ਜਾਰੀ ਕਰ ਦਿੱਤੇ ਹਨ।
ਮੁਲਾਂਕਣ ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਬੋਰਡ ਨੇ ਪ੍ਰੈਕਟੀਕਲ ਪ੍ਰੀਖਿਆਵਾਂ ਬਾਹਰੀ ਪ੍ਰੀਖਿਅਕਾਂ ਤੋਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਆਪਣੇ ਹੀ ਸਕੂਲ ਦੇ ਅਧਿਆਪਕਾਂ ਵੱਲੋਂ ਅੰਕ ਦੇਣ ਵਿੱਚ ਪੱਖਪਾਤ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ।
ਇਸ ਤੋਂ ਇਲਾਵਾ 20 ਅੰਕਾਂ ਦੇ ਅੰਦਰੂਨੀ ਮੁਲਾਂਕਣ ਲਈ ਵੀ ਸਪੱਸ਼ਟ ਅੰਕ-ਵੰਡ ਤੈਅ ਕੀਤੀ ਗਈ ਹੈ। ਇਸ ਕਦਮ ਨਾਲ ਬਿਨਾਂ ਨਿਰਧਾਰਤ ਮਾਪਦੰਡਾਂ ਦੇ ਸਾਰੇ ਵਿਦਿਆਰਥੀਆਂ ਨੂੰ ਪੂਰੇ ਅੰਕ ਦੇਣ ਦੀ ਪ੍ਰਥਾ ‘ਤੇ ਰੋਕ ਲੱਗੇਗੀ।
ਇਹ ਨਵੀਂ ਮੁਲਾਂਕਣ ਪ੍ਰਣਾਲੀ ਪੰਜਾਬ ਦੇ ਸਰਕਾਰੀ, ਏਡਿਡ, ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ ਵਿੱਚ ਇਕਸਾਰ ਤੌਰ ‘ਤੇ ਲਾਗੂ ਹੋਵੇਗੀ।
ਬੋਰਡ ਨੇ ਨਿਯਮਤ ਵਿਦਿਆਰਥੀਆਂ ਨੂੰ ਕੁਝ ਰਾਹਤ ਵੀ ਦਿੱਤੀ ਹੈ। ਜੇਕਰ ਕੋਈ ਵਿਦਿਆਰਥੀ ਕਿਸੇ ਵਿਸ਼ੇਸ਼ ਕਾਰਨ ਕਰਕੇ ਪ੍ਰੀ-ਬੋਰਡ ਪ੍ਰੀਖਿਆ ਨਹੀਂ ਦੇ ਸਕਦਾ, ਤਾਂ ਉਸ ਨੂੰ ਪਿਛਲੀਆਂ ਟਰਮ ਪ੍ਰੀਖਿਆਵਾਂ ਵਿੱਚ ਕੀਤੇ ਪ੍ਰਦਰਸ਼ਨ ਦੇ ਆਧਾਰ ‘ਤੇ ਅੰਕ ਦਿੱਤੇ ਜਾ ਸਕਣਗੇ।
ਨਵੇਂ ਨਿਯਮਾਂ ਅਨੁਸਾਰ ਹਰ ਸਕੂਲ ਵਿੱਚ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ, ਜੋ ਅੰਦਰੂਨੀ ਮੁਲਾਂਕਣ ਨੂੰ ਮਨਜ਼ੂਰੀ ਦੇਵੇਗੀ। ਨਾਲ ਹੀ, ਇਸ ਨਾਲ ਸਬੰਧਤ ਸਾਰਾ ਰਿਕਾਰਡ ਸਕੂਲਾਂ ਲਈ ਘੱਟੋ-ਘੱਟ ਤਿੰਨ ਸਾਲ ਤੱਕ ਸੰਭਾਲ ਕੇ ਰੱਖਣਾ ਲਾਜ਼ਮੀ ਹੋਵੇਗਾ।


