ਮੋਹਕਮ ਖਾਂ ਕਾਲਜ ਵਿਖੇ ਧੂਮਧਾਮ ਨਾਲ ਮਨਾਇਆ ‘ਮੇਲਾ ਧੀਆਂ ਦਾ’

ਫਿਰੋਜ਼ਪੁਰ (ਜਤਿੰਦਰ ਪਿੰਕਲ): ਪੰਜਾਬ ਯੂਨੀਵਰਸਿਟੀ ਕੰਸਟੀਚੁਇੰਟ ਕਾਲਜ, ਮੋਹਕਮ ਖਾਂ ਵਿਖੇ ਧੀਆਂ ਦੀ ਪ੍ਰਤਿਭਾ, ਸਿਰਜਣਾਤਮਕਤਾ ਅਤੇ ਪੰਜਾਬੀ ਸੱਭਿਆਚਾਰਕ ਵਿਰਸੇ ਨੂੰ ਸਮਰਪਿਤ ‘ਮੇਲਾ ਧੀਆਂ ਦਾ’ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਐਨ. ਆਰ. ਸ਼ਰਮਾ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਪ੍ਰਗਟ ਕਰਨ ਲਈ ਮੰਚ ਪ੍ਰਦਾਨ ਕਰਨਾ ਅਤੇ ਪੰਜਾਬੀ ਸੱਭਿਆਚਾਰ ਨਾਲ ਉਨ੍ਹਾਂ ਦੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਸੀ।

ਇਸ ਮੌਕੇ ਮਿਸਿਜ਼ ਸੰਜਨਾ ਮਿੱਤਲ ਅਤੇ ਮੈਡਮ ਸੰਗੀਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਦਾ ਹੌਸਲਾ ਵਧਾਇਆ। ਸਮਾਗਮ ਦੌਰਾਨ ਵਿਦਿਆਰਥਣਾਂ ਵੱਲੋਂ ਗਿੱਧਾ, ਮਾਡਲਿੰਗ, ਕਵਿਤਾ-ਪਾਠ, ਲੋਕ-ਗੀਤ ਸਮੇਤ ਵੱਖ-ਵੱਖ ਸੱਭਿਆਚਾਰਕ ਅਤੇ ਮਨੋਰੰਜਕ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਇਸ ਦੌਰਾਨ ਵਿਦਿਆਰਥਣਾਂ ਲਈ ਵੱਖ-ਵੱਖ ਪ੍ਰਤਿਭਾ-ਆਧਾਰਿਤ ਮੁਕਾਬਲੇ ਵੀ ਕਰਵਾਏ ਗਏ। ‘ਮਿਸ ਤੀਜ’, ‘ਚੰਗੀ ਮੁਸਕਾਨ’ ਅਤੇ ‘ਪੰਜਾਬੀ ਮੁਟਿਆਰ’ ਆਦਿ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਨੇ ਵਿਦਿਆਰਥਣਾਂ ਵਿੱਚ ਨਵਾਂ ਜੋਸ਼ ਅਤੇ ਆਤਮ-ਵਿਸ਼ਵਾਸ ਪੈਦਾ ਕੀਤਾ।

ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਡਾ. ਐਨ. ਆਰ. ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਪੰਜਾਬੀ ਸੱਭਿਆਚਾਰ ਅਤੇ ਸਨਮਾਨ ਦੀ ਪ੍ਰਤੀਕ ਫੁਲਕਾਰੀਆਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਅਤੇ ਭਵਿੱਖ ਵਿੱਚ ਵੀ ਅਜਿਹੇ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਸਮੁੱਚੇ ਰੂਪ ਵਿੱਚ ‘ਮੇਲਾ ਧੀਆਂ ਦਾ’ ਖੁਸ਼ੀ, ਸੱਭਿਆਚਾਰਕ ਰੰਗਾਂ ਅਤੇ ਉਤਸ਼ਾਹ ਨਾਲ ਭਰਪੂਰ ਰਿਹਾ। ਸਮਾਗਮ ਨੇ ਜਿੱਥੇ ਵਿਦਿਆਰਥਣਾਂ ਦੀ ਕਲਾ ਤੇ ਪ੍ਰਤਿਭਾ ਨੂੰ ਮੰਚ ਪ੍ਰਦਾਨ ਕੀਤਾ, ਉੱਥੇ ਹੀ ਪੰਜਾਬੀ ਲੋਕ-ਵਿਰਸੇ ਅਤੇ ਧੀਆਂ ਦੇ ਸਨਮਾਨ ਦਾ ਵੀ ਸਕਾਰਾਤਮਕ ਸੰਦੇਸ਼ ਦਿੱਤਾ।