
Skip to content

ਪਾਵਰਕਾਮ ਵੱਲੋਂ ਖਪਤਕਾਰਾਂ ਲਈ ਅਲਰਟ, ਮੋਬਾਈਲ ਨੰਬਰ ਅਤੇ ਈ-ਮੇਲ ਵੇਰਵੇ ਅਪਡੇਟ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਵੱਲੋਂ ਸੂਬੇ ਭਰ ਦੇ ਬਿਜਲੀ ਖਪਤਕਾਰਾਂ ਦੇ ਮੋਬਾਈਲ ਨੰਬਰ ਅਤੇ ਈ-ਮੇਲ ਵੇਰਵਿਆਂ ਨੂੰ ਅਪਡੇਟ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਵਿਭਾਗ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ QR ਕੋਡ ਰਾਹੀਂ ਆਪਣੇ ਮੋਬਾਈਲ ਨੰਬਰ ਅਤੇ ਈ-ਮੇਲ ਵੇਰਵੇ ਅਪਡੇਟ ਕਰਵਾਉਣ, ਤਾਂ ਜੋ ਬਿਜਲੀ ਸਬੰਧੀ ਸਾਰੀਆਂ ਸੇਵਾਵਾਂ ਅਤੇ ਜ਼ਰੂਰੀ ਜਾਣਕਾਰੀਆਂ ਸਿੱਧੇ ਸਹੀ ਖਪਤਕਾਰ ਤੱਕ ਪਹੁੰਚ ਸਕਣ।
ਪਾਵਰਕਾਮ ਅਨੁਸਾਰ, ਪਿਛਲੇ ਕੁਝ ਸਾਲਾਂ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਮੋਬਾਈਲ ਨੰਬਰ ਬਦਲੇ ਹਨ। ਇਸ ਤੋਂ ਇਲਾਵਾ ਕਈ ਮਕਾਨ ਅਤੇ ਫਲੈਟ ਖਰੀਦੇ ਜਾਂ ਵੇਚੇ ਗਏ ਹਨ, ਪਰ ਬਹੁਤ ਸਾਰੇ ਬਿਜਲੀ ਕਨੈਕਸ਼ਨਾਂ ਨਾਲ ਅਜੇ ਵੀ ਪੁਰਾਣੇ ਮਾਲਕਾਂ ਜਾਂ ਕਿਰਾਏਦਾਰਾਂ ਦੇ ਨੰਬਰ ਦਰਜ ਹਨ। ਇਸ ਕਾਰਨ ਵਿਭਾਗ ਵੱਲੋਂ ਭੇਜੀ ਜਾਣ ਵਾਲੀ ਮਹੱਤਵਪੂਰਨ ਜਾਣਕਾਰੀ ਅਸਲ ਖਪਤਕਾਰਾਂ ਤੱਕ ਨਹੀਂ ਪਹੁੰਚਦੀ।
ਇਸ ਸਬੰਧੀ ਪਾਵਰਕਾਮ ਦੇ ਸੁਪਰਿੰਟੈਂਡੈਂਟ ਇੰਜੀਨੀਅਰ ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪਾਵਰਕਾਮ ਦਾ ਸਾਰਾ ਪ੍ਰਬੰਧਨ ਓਰੇਕਲ ਸਾਫਟਵੇਅਰ ਰਾਹੀਂ ਚਲਾਇਆ ਜਾਂਦਾ ਹੈ। ਇਸ ਸਿਸਟਮ ਦੇ ਜ਼ਰੀਏ ਬਿਜਲੀ ਬਿੱਲਾਂ, ਬਿਜਲੀ ਕੱਟਾਂ ਦੀ ਜਾਣਕਾਰੀ, ਸ਼ਿਕਾਇਤਾਂ ਦੀ ਸਥਿਤੀ, ਉਨ੍ਹਾਂ ਦੇ ਨਿਪਟਾਰੇ ਅਤੇ ਹੋਰ ਜ਼ਰੂਰੀ ਸੁਚਨਾਵਾਂ ਸਿੱਧੇ ਖਪਤਕਾਰਾਂ ਤੱਕ ਭੇਜੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਪਾਵਰਕਾਮ ਦੀਆਂ ਕਈ ਸੇਵਾਵਾਂ ਹੁਣ ਡਿਜ਼ੀਟਲ ਪਲੇਟਫਾਰਮ ਨਾਲ ਜੁੜ ਚੁੱਕੀਆਂ ਹਨ। ਖਪਤਕਾਰ ਆਨਲਾਈਨ ਸ਼ਿਕਾਇਤ ਦਰਜ ਕਰਵਾ ਸਕਦੇ ਹਨ, ਬਿਜਲੀ ਬਿੱਲਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ, ਭੁਗਤਾਨ ਕਰ ਸਕਦੇ ਹਨ ਅਤੇ ਆਪਣੀਆਂ ਸ਼ਿਕਾਇਤਾਂ ਦੀ ਮੌਜੂਦਾ ਸਥਿਤੀ ਵੀ ਜਾਣ ਸਕਦੇ ਹਨ। ਵਿਭਾਗ ਨੇ ਸਾਰੇ ਖਪਤਕਾਰਾਂ ਨੂੰ ਆਪਣੇ ਵੇਰਵੇ ਜਲਦ ਤੋਂ ਜਲਦ ਅਪਡੇਟ ਕਰਵਾਉਣ ਦੀ ਅਪੀਲ ਕੀਤੀ ਹੈ।
Related