ਜਲੰਧਰ,(ਵਿੱਕੀ ਸੁਰੀ)- ਪੰਜਾਬੀ ਗਾਇਕ ਅਤੇ ਗੀਤਕਾਰ ਰਾਜ਼ ਕੌਰ ਨੇ ਦੱਸਿਆ ਹੈ ਕਿ ਉਸ ਨੇ ਰਾਜ਼ਕੌਰ ਦੇ ਨਾਮ ਉੱਪਰ ਇਕ ਫੇਸਬੁੱਕ ਪੇਜ਼ ਬਣਾਇਆ ਹੋਇਆ ਹੈ। ਜਿਸ ਦੇ ਸੋਸ਼ਲ ਮੀਡੀਆ ਉੱਪਰ 5 ਮਿਲੀਅਨ ਫਾਲੋਅਰਜ਼ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ਼ ਕੌਰ ਨੇ ਦੱਸਿਆ ਕਿ ਉਸ ਵੱਲੋਂ ਇਹ ਪੇਜ਼ 2014 ਤੋਂ ਬਣਾਇਆ ਹੋਇਆ ਹੈ, ਉਸ ਦਾ ਇਹ ਫੇਸਬੁੱਕ ਪੇਜ਼ ਕਿਸੇ ਵਿਅਕਤੀ ਨੇ 9 ਅਗਸਤ 2021 ਨੂੰ ਹੈਕ ਕਰ ਲਿਆ ਹੈ।

    ਰਾਜ਼ ਕੌਰ ਨੇ ਦੱਸਿਆ ਕਿ ਇਹ ਫੇਸਬੁੱਕ ਪੇਜ਼ ਹੈਕ ਕਰਨ ਖਿਲਾਫ ਐਸ. ਐਸ. ਪੀ. ਕਪੂਰਥਲਾ ਅਤੇ ਸਾਈਬਰ ਕ੍ਰਾਇਮ ਵਿਭਾਗ ਨੂੰ ਸ਼ਿਕਾਇਤ ਵੀ ਲਿਖਤੀ ਤੌਰ ‘ਤੇ ਕੀਤੀ ਗਈ ਹੈ। ਰਾਜ਼ ਕੌਰ ਨੇ ਕਿਹਾ ਹੈ ਕਿ ਮੈਨੂੰ ਡਰ ਹੈ ਕਿ ਮੇਰੇ ਇਸ ਪੇਜ਼ ‘ਤੇ ਕੋਈ ਸਮਾਜ ਵਿਰੋਧੀ ਜਾਂ ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਵਾਲੀ ਸਮੱਗਰੀ ਪਾਉਂਦਾ ਹੈ ਤਾਂ ਮੇਰੇ ਲਈ ਮੁਸ਼ਕਿਲ ਖੜੀ ਹੋ ਸਕਦੀ ਹੈ।

    ਇਸ ਲਈ ਮੈਂ ਆਮ ਜਨਤਾ, ਸੋਸ਼ਲ ਮੀਡੀਆ ‘ਤੇ ਸਰਗਰਮ ਸਰਕਾਰੀ-ਗੈਰ ਸਰਕਾਰੀ ਸੰਸਥਾਵਾਂ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਮੇਰੇ ਇਸ ਰਾਜ਼ ਕੌਰ ਨਾਂ ਦੇ ਫੇਸਬੁੱਕ ਪੇਜ਼ ਉੱਪਰ ਜੇਕਰ ਕੋਈ ਇਤਰਾਜ਼ਯੋਗ ਸਮੱਗਰੀ ਪਾਉਂਦਾ ਹੈ ਤਾਂ ਉਸ ਵਿੱਚ ਮੇਰਾ ਕਿਸੇ ਵੀ ਤਰ੍ਹਾਂ ਦਾ ਕੋਈ ਰੋਲ ਨਹੀਂ ਹੈ ਕਿਉਂਕਿ ਇਹ ਪੇਜ਼ ਗਲਤ ਲੋਕਾਂ ਵੱਲੋਂ ਹੈਕ ਕਰ ਲਿਆ ਗਿਆ ਹੈ, ਨਾਲ ਹੀ ਉਸ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਅਤੇ ਸਾਈਬਰ ਕਰਾਇਮ ਵਿਭਾਗ ਇਸ ਪੇਜ਼ ਹੈਕ ਕਰਨ ਵਾਲੇ ਹੈਕਰਾਂ ਖਿਲਾਫ ਸਖ਼ਤ ਕਾਰਵਾਈ ਕਰੇ ਅਤੇ ਮੇਰਾ ਇਹ ਫੇਸਬੁੱਕ ਪੇਜ਼ ਸੁਰੱਖਿਅਤ ਮੇਰੇ ਹਵਾਲੇ ਕੀਤਾ ਜਾਵੇ।