ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਦੀ ਸੜਕ ਹਾਦਸੇ ‘ਚ ਜਾਨ ਚਲੀ ਗਈ। ਪਰਿਵਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਪ੍ਰੀਤ ਸਿੰਘ ਨੂੰ ਗੱਡੀ ਚਲਾਉਂਦੇ ਸਮੇਂ ਦਿਲ ਦਾ ਦੌਰਾ ਪੈ ਜਾਣ ਕਾਰਨ ਹਾਦਸਾ ਵਾਪਰ ਗਿਆ, ਜਿਸ ਮਗਰੋਂ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਉਹ ਠੀਕ ਵੀ ਹੋ ਰਿਹਾ ਸੀ ਤੇ ਉਸ ਨੂੰ ਜਲਦ ਹੀ ਛੁੱਟੀ ਵੀ ਮਿਲ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਗੁਰਪ੍ਰੀਤ ਦੀ ਮੌਤ ਦੀ ਖਬਰ ਸਾਨੂੰ ਮਿਲੀ।ਪਰਿਵਾਰ ਨੇ ਦੱਸਿਆ ਕਿ ਸਾਨੂੰ 27 ਜਨਵਰੀ ਨੂੰ ਗੁਰਪ੍ਰੀਤ ਸਿੰਘ ਦੀ ਮੌਤ ਦੀ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਹੈ। ਗੁਰਪ੍ਰੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਹ 8 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉਹ ਗੁਰਦਾਸਪੁਰ ਦੇ ਪਿੰਡ ਗੋਹਤ ਪੋਖਰ ਨਾਲ ਸਬੰਧਤ ਸੀ। ਗੁਰਪ੍ਰੀਤ ਸਿੰਘ ਦੀ ਪਤਨੀ ਨੂੰ ਅਮਰੀਕਾ ਗਏ 2 ਸਾਲ ਹੀ ਹੋਏ ਸਨ। ਗੁਰਪ੍ਰੀਤ ਅਜੇ ਪੱਕਾ ਨਹੀਂ ਹੋਇਆ ਸੀ ਤੇ ਉਹ ਵਰਕ ਪਰਮਿਟ ‘ਤੇ ਹੀ ਸੀ।ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਅੰਤਿਮ ਸਸਕਾਰ ਅਮਰੀਕਾ ਵਿਚ ਹੀ ਕੀਤਾ ਜਾਵੇਗਾ ਕਿਉਂਕਿ ਗੁਰਪ੍ਰੀਤ ਦੀ ਪਤਨੀ ਅਜੇ ਪੱਕੀ ਨਹੀਂ ਹੋਈ ਹੈ। ਮੇਰੇ ਕਾਗਜ਼ ਲਗਾ ਦਿੱਤੇ ਗਏ ਹਨ ਤੇ ਮੇਰੇ ਪਹੁੰਚਣ ਮਗਰੋਂ ਗੁਰਪ੍ਰੀਤ ਦਾ ਸਸਕਾਰ ਕੀਤਾ ਜਾਵੇਗਾ।