
Skip to content

ਕੈਨੇਡਾ ਦੇ Bridgetown/Bridgewater ਖੇਤਰ ਵਿੱਚ ਵਾਪਰੀ ਇਕ ਦਰਦਨਾਕ ਘਟਨਾ ਦੌਰਾਨ ਪੰਜਾਬ ਦੀ 24 ਸਾਲਾ ਮੁਟਿਆਰ ਅਮਿਤੋਜ ਕੌਰ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿੰਗ ਸਟਰੀਟ ਸਥਿਤ ਇੱਕ ਅਪਾਰਟਮੈਂਟ ਵਿੱਚ ਲੱਗੀ ਭਿਆਨਕ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਬੇਸਮੈਂਟ ਵਿੱਚ ਮੌਜੂਦ ਅਮਿਤੋਜ ਕੌਰ ਨੂੰ ਬਾਹਰ ਨਿਕਲਣ ਦਾ ਮੌਕਾ ਹੀ ਨਾ ਮਿਲ ਸਕਿਆ।
ਮਿਲੀ ਜਾਣਕਾਰੀ ਮੁਤਾਬਕ ਅਮਿਤੋਜ ਕੌਰ ਸਾਲ 2020 ਵਿੱਚ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ ਅਤੇ ਕਾਫੀ ਸਮੇਂ ਤੋਂ ਆਪਣੇ ਪਿੰਡ ਆਉਣ ਦੀ ਯੋਜਨਾ ਬਣਾ ਰਹੀ ਸੀ। ਉਸ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਉੱਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿੰਗ ਸਟਰੀਟ ‘ਤੇ ਸਥਿਤ ਦੋ ਰਿਹਾਇਸ਼ੀ ਇਮਾਰਤਾਂ ਅੱਗ ਦੀ ਲਪੇਟ ਵਿੱਚ ਆ ਗਈਆਂ ਸਨ। ਫਾਇਰ ਫਾਈਟਰਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਜਿਸ ਮਗਰੋਂ ਮੌਕੇ ਤੋਂ ਇੱਕ ਲਾਸ਼ ਬਰਾਮਦ ਕੀਤੀ ਗਈ, ਜਿਸ ਦੀ ਪਛਾਣ ਅਮਿਤੋਜ ਕੌਰ ਵਜੋਂ ਹੋਈ।
ਬ੍ਰਿਜਵਾਟਰ ਪੁਲਿਸ ਦੇ ਉਪ ਮੁਖੀ Danny McFee ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਬਿਜਲੀ ਦੀਆਂ ਤਾਰਾਂ ਵਿੱਚ ਹੋਈ ਸਪਾਰਕਿੰਗ ਕਾਰਨ ਅੱਗ ਲੱਗੀ, ਜੋ ਕੁਝ ਹੀ ਪਲਾਂ ਵਿੱਚ ਭਿਆਨਕ ਰੂਪ ਧਾਰ ਗਈ।
ਇਸ ਹਾਦਸੇ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਮਿਤੋਜ ਕੌਰ ਦੀ ਬੇਵਕਤੀ ਮੌਤ ‘ਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Related