ਕਲਾਨੌਰ : ਪਿਛਲੇ ਸਮਿਆਂ ਵਿਚ ਜਿੱਥੇ ਔਰਤ ਨੂੰ ਘਰ ਦੀ ਚਾਰਦੀਵਾਰੀ ਤੱਕ ਸੀਮਤ ਰੱਖਿਆ ਜਾਂਦਾ ਸੀ ਪਰ ਹੁਣ ਸੋਚਾਂ ਬਦਲ ਗਈਆਂ ਹਨ। ਅਜੋਕੇ ਸਮੇਂ ਦੀ ਭਾਰਤੀ ਔਰਤ ਦੇਸ਼ ਤੇ ਵਿਦੇਸ਼ਾਂ ਵਿਚ ਆਪਣੀ ਕਾਬਲੀਅਤ ਸਾਬਿਤ ਕਰ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਪੰਜਾਬ ਹਰਪ੍ਰੀਤ ਕੌਰ ਤੋਂ ਮਿਲਦੀ ਹੈ, ਜਿਸ ਨੇ ਇਟਲੀ ਪੁੱਜਣ ਮਗਰੋਂ ਸੰਕਟ ਪੈਣ ’ਤੇ ਹਾਰ ਨਹੀਂ ਮੰਨੀ ਸਗੋਂ ਬੱਸ ਡਰਾਈਵਰ ਬਣ ਕੇ ਮਿਹਨਤ ਦੀ ਨਵੀਂ ਮਿਸਾਲ ਕਾਇਮ ਕੀਤੀ। ਇਟਲੀ ਦੀ ਤਰੀਨੋ ਸਿਟੀ ਤੋਂ ਕੂਨੀਓ ਸ਼ਹਿਰ ਵਿਚ ਬੱਸ ਚਲਾ ਰਹੀ ਪੰਜਾਬ ਦੀ ਹੋਣਹਾਰ ਡਰਾਈਵਰ ਧੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਜਨਮ ਜਲੰਧਰ ਦੇ ਮਾਡਲ ਹਾਊਸ ਵਿਚ ਪਿਤਾ ਜਸਬੀਰ ਸਿੰਘ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ ਸੀ ਤੇ 2015 ਵਿਚ ਉਹ ਇਟਲੀ ਵਿਚ ਆਈ ਸੀ।ਉਸ ਦਾ ਵਿਆਹ ਕਪੂਰਥਲਾ ਦੇ ਨਿਵਾਸੀ ਲਖਵਿੰਦਰ ਸਿੰਘ ਨਾਲ ਹੋਇਆ ਤੇ ਫਿਰ ਦੋ ਪੁੱਤਰਾਂ ਦਾ ਜਨਮ ਹੋਇਆ ਪਰ ਬਾਅਦ ਵਿਚ ਪਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੇ ਸਹੁਰੇ ਤੇ ਪੇਕੇਪਰਿਵਾਰਾਂ ਨੇ ਸਮੇਂ-ਸਮੇਂ ਉੱਤੇ ਬਣਦੀ ਮਦਦ ਕੀਤੀ। ਪਤੀ ਦੀ ਮੌਤ ਮਗਰੋਂ ਉਸ ਦੇ ਅੱਗੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦਾ ਸੰਕਟ ਪੈਦਾ ਹੋ ਗਿਆ ਸੀ, ਇਸ ਲਈ ਪਹਿਲਾਂ ਉਸ ਨੇ ਰੈਸਟੋਰੈਂਟਾਂ ਵਿਚ ਕੰਮ ਕੀਤਾ ਪਰ ਫਿਰ ਉਸ ਨੇ ਕੁਝ ਅਲੱਗ ਕਰਨ ਦਾ ਮਨ ਬਣਾ ਲਿਆ। ਉਸ ਨੇ ਇਟਲੀ ਤੋਂ ਬੱਸ ਚਲਾਉਣ ਦੀ ਡਰਾਈਵਿੰਗ ਕਰਨ ਲਈ ਟੈਸਟ ਦੇ ਕੇ ਲਾਇਸੰਸ ਪ੍ਰਾਪਤ ਕੀਤਾ ਤੇ ਫਿਰ ਪੇਸ਼ੇਵਾਰਾਨਾ ਤੌਰ ’ਤੇ ਬੱਸ ਚਲਾਉਣ ਲਈ ਨੌਕਰੀ ਕਰ ਲਈ। ਹੁਣ ਉਹ ਤਰੀਨੋ ਪ੍ਰੋਵਿੰਸ ਪੂਨਿਓ ਸ਼ਹਿਰ ਨੂੰ ਬੱਸ ਚਲਾ ਰਹੀ ਹੈ।
ਹਰਪ੍ਰੀਤ ਕੌਰ ਨੇ ਦੱਸਿਆ ਕਿ ਇਟਲੀ ਵਿਚ ਔਰਤਾਂ ਵੱਲੋਂ ਬੱਸ ਚਲਾਉਣ ਦੀ ਦਰ ਨਾ-ਮਾਤਰ ਹੈ ਜਦਕਿ ਉਹ ਰੋਜ਼ਾਨਾਂ ਬੱਸ ਚਲਾ ਰਹੀ ਹੈ ਤੇ ਚੌਖੀ ਕਮਾਈ ਕਰ ਰਹੀ ਹੈ ਤੇ ਇਹ ਕਾਰਜ ਕਰ ਕੇ ਉਸ ਨੂੰ ਫ਼ਖ਼ਰ ਮਹਿਸੂਸ ਹੋ ਰਿਹਾ ਹੈ। ਉਸ ਨੇ ਕਿਹਾ ਕਿਹਾ ਕਿ ਪੰਜਾਬੀਆਂ ਨੂੰ ਵਿਦੇਸ਼ਾਂ ਵਿਚ ਰਹਿ ਕੇ ਹਰ ਖੇਤਰ ਵਿਚ ਖ਼ੁਦ ਨੂੰ ਅਜ਼ਮਾਉਣਾ ਚਾਹੀਦਾ ਹੈ। ਹਰਪ੍ਰੀਤ ਨੇ ਅੱਗੇ ਦੱਸਿਆ ਕਿ ਬੱਸ ਡਰਾਈਵਰੀ ਜ਼ਰੀਏ ਕੀਤੀ ਕਮਾਈ ਨਾਲ ਆਪਣੇ ਪੁੱਤਰ ਨਰਿੰਦਰਪਾਲ ਨੂੰ ਇੰਜੀਨੀਅਰ ਅਤੇ ਮਨਵਿੰਦਰਪਾਲ ਨੂੰ ਡਾਕਟਰ ਬਣਾਉਣ ਲਈ ਯਤਨਸ਼ੀਲ ਰਹੇਗੀ।