ਚੰਡੀਗੜ੍ਹ :- ਮਿਡਲ ਈਸਟ ਵਿੱਚ ਵਧਦੇ ਤਣਾਅ ਅਤੇ ਅਮਰੀਕਾਇਜ਼ਰਾਈਲ ਅਤੇ ਈਰਾਨ ਵਿਚਾਲੇ ਬਣੀ ਜੰਗੀ ਸਥਿਤੀ ਦੀਆਂ ਖ਼ਬਰਾਂ ਦਾ ਅਸਰ ਹੁਣ ਪੰਜਾਬ ਵਿੱਚ ਵੀ ਦਿਖਾਈ ਦੇਣ ਲੱਗਾ ਹੈ। ਸੰਭਾਵਿਤ ਕਮੀ ਦੇ ਡਰ ਕਰਕੇ ਲੋਕ ਵੱਡੀ ਗਿਣਤੀ ਵਿੱਚ ਐਲਪੀਜੀ ਸਿਲੰਡਰ ਬੁਕ ਕਰਵਾ ਰਹੇ ਹਨ। ਕਈ ਸ਼ਹਿਰਾਂ ਵਿੱਚ ਗੈਸ ਏਜੰਸੀਆਂ ਦੇ ਬਾਹਰ ਲੰਮੀਆਂ ਕਤਾਰਾਂ ਦੇ ਨਜ਼ਾਰੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਸਪਲਾਈ ‘ਤੇ ਅਚਾਨਕ ਦਬਾਅ ਬਣ ਗਿਆ ਹੈ।

    ਇਸ ਸਥਿਤੀ ਨੂੰ ਦੇਖਦਿਆਂ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪੰਜਾਬ ਵਿੱਚ ਕਿਤੇ ਵੀ ਐਲਪੀਜੀ ਗੈਸ ਦੀ ਕਮੀ ਪੈਦਾ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸਿਲੰਡਰਾਂ ਦੀ ਜਮ੍ਹਾਖੋਰੀ ਕਰਦਾ ਜਾਂ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।

    ਇਸ ਮਾਮਲੇ ‘ਚ ਕੋਮਲ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਲਪੀਜੀ ਜਾਂ ਪੈਟਰੋਲੀਅਮ ਉਤਪਾਦਾਂ ਦੀ ਘਾਟ ਬਾਰੇ ਚੱਲ ਰਹੀਆਂ ਅਫਵਾਹਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕ ਆਪਣੀ ਆਮ ਲੋੜ ਅਨੁਸਾਰ ਹੀ ਪੈਟਰੋਲ, ਡੀਜ਼ਲ ਅਤੇ ਗੈਸ ਸਿਲੰਡਰ ਖਰੀਦਣ ਅਤੇ ਬੇਲੋੜਾ ਸਟਾਕ ਇਕੱਠਾ ਕਰਨ ਤੋਂ ਬਚਣ। ਜੇ ਕਿਸੇ ਨੂੰ ਕਾਲਾਬਾਜ਼ਾਰੀ ਜਾਂ ਗੈਰਕਾਨੂੰਨੀ ਜਮ੍ਹਾਖੋਰੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ।

    ਗੈਸ ਏਜੰਸੀ ਆਪਰੇਟਰਾਂ ਦੇ ਮੁਤਾਬਕ ਡਰ ਦੇ ਮਾਹੌਲ ਕਾਰਨ ਲੋਕ ਇੱਕੋ ਸਮੇਂ ਬੁਕਿੰਗ ਕਰਵਾ ਰਹੇ ਹਨ, ਜਿਸ ਨਾਲ ਸਪਲਾਈ ਪ੍ਰਣਾਲੀ ‘ਤੇ ਅਚਾਨਕ ਬੋਝ ਪੈ ਗਿਆ ਹੈ। ਇਸ ਵੇਲੇ ਕਈ ਥਾਵਾਂ ‘ਤੇ ਪੁਰਾਣੀਆਂ ਬੁਕਿੰਗਾਂ ਨੂੰ ਪਹਿਲਾਂ ਨਿਪਟਾਇਆ ਜਾ ਰਿਹਾ ਹੈ ਅਤੇ ਲਗਭਗ 7 ਤੋਂ 8 ਦਿਨਾਂ ਦੀ ਪੈਂਡੈਂਸੀ ਚੱਲ ਰਹੀ ਹੈ।

    ਦੂਜੇ ਪਾਸੇ ਜਲੰਧਰ ਵਿੱਚ ਘਰੇਲੂ ਅਤੇ ਕਮਰਸ਼ੀਅਲ ਐਲਪੀਜੀ ਸਿਲੰਡਰਾਂ ਦੀ ਉਪਲਬਧਤਾ ਘੱਟ ਹੋਣ ਕਾਰਨ ਕਾਰੋਬਾਰੀਆਂ ਵਿੱਚ ਚਿੰਤਾ ਵਧ ਰਹੀ ਹੈ। ਕਈ ਢਾਬਾ ਅਤੇ ਹੋਟਲ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ਼ ਦੋ ਤੋਂ ਤਿੰਨ ਦਿਨਾਂ ਦਾ ਹੀ ਸਟਾਕ ਬਚਿਆ ਹੈ। ਜੇਕਰ ਸਪਲਾਈ ਜਲਦੀ ਠੀਕ ਨਾ ਹੋਈ ਤਾਂ ਕੁਝ ਹੋਟਲ ਅਤੇ ਰੈਸਟੋਰੈਂਟ ਅਸਥਾਈ ਤੌਰ ‘ਤੇ ਬੰਦ ਕਰਨੇ ਪੈ ਸਕਦੇ ਹਨ, ਜਿਸ ਨਾਲ ਵਿਆਹ ਸਮਾਰੋਹਾਂ ਅਤੇ ਹੋਰ ਪ੍ਰੋਗਰਾਮਾਂ ‘ਤੇ ਵੀ ਅਸਰ ਪੈ ਸਕਦਾ ਹੈਂ।