ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਇਕ ਵਾਰ ਫਿਰ ਹਰਿਮੰਦਰ ਸਾਹਿਬ ਪਹੁੰਚੇ। ਇੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਲੰਗਰ ਘਰ ਵਿੱਚ ਔਰਤਾਂ ਨਾਲ ਸਬਜ਼ੀਆਂ ਅਤੇ ਲਸਣ ਕੱਟਿਆ ਅਤੇ ਭਾਂਡੇ ਧੋਤੇ। ਫਿਰ ਉਨ੍ਹਾਂ ਨੇ ਹਾਲ ਵਿੱਚ ਲੰਗਰ ਵਰਤਾਇਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਤ ਦੇ 12 ਵਜੇ ਤੱਕ ਸੇਵਾ ਕੀਤੀ ਸੀ। ਉਹ 24 ਘੰਟਿਆਂ ਵਿੱਚ ਤੀਜੀ ਵਾਰ ਸੇਵਾ ਲਈ ਪਹੁੰਚੇ ਹਨ। ਰਾਹੁਲ ਗਾਂਧੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੁਮਾਲਾ ਸਾਹਿਬ ਭੇਟ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੀ ਤਰਫੋਂ ਰਾਹੁਲ ਗਾਂਧੀ ਨੂੰ ਰੰਗਦਾਰ ਰੁਮਾਲਾ ਅਤੇ ਪਤਾਸੇ ਦਾ ਪ੍ਰਸ਼ਾਦ ਵੀ ਦਿੱਤਾ ਗਿਆ।

    ਸੋਮਵਾਰ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਰਾਹੁਲ ਗਾਂਧੀ ਨੇ ਛਬੀਲ ਨੇੜੇ ਭਾਂਡੇ ਧੋਣ ਦੀ ਸੇਵਾ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਦੇਰ ਸ਼ਾਮ ਰਾਹੁਲ ਗਾਂਧੀ ਫਿਰ ਹਰਿਮੰਦਰ ਸਾਹਿਬ ਪੁੱਜੇ। ਇਸ ਦੌਰਾਨ ਉਨ੍ਹਾਂ ਲੰਮਾ ਸਮਾਂ ਪਰਿਕਰਮਾ ਵਿੱਚ ਛਬੀਲ ’ਤੇ ਬੈਠ ਕੇ ਜਲ ਦੀ ਸੇਵਾ ਕੀਤੀ। ਇਹ ਦੇਖ ਕੇ ਸ਼ਰਧਾਲੂ ਵੀ ਹੈਰਾਨ ਰਹਿ ਗਏ। ਲੋਕ ਆਪ ਵੀ ਨੇੜੇ ਆ ਕੇ ਉਸ ਨਾਲ ਗੱਲਾਂ ਕਰ ਰਹੇ ਸਨ ਤੇ ਪਾਣੀ ਵੀ ਲੈ ਰਹੇ ਸਨ।

    ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਇਸ ਘਰ ਵਿੱਚ ਆ ਸਕਦਾ ਹੈ। ਰਾਹੁਲ ਗਾਂਧੀ ਨੇ ਇੱਥੇ ਸੇਵਾ ਕੀਤੀ, ਇਸ ਲਈ ਉਨ੍ਹਾਂ ਨੂੰ ਇਹ ਤੋਹਫ਼ਾ ਦਿੱਤਾ ਗਿਆ। ਪਰ ਉਨ੍ਹਾਂ ਸੇਵਾ ਨੂੰ ਪਸ਼ਚਾਤਾਪ ਕਹਿਣਾ ਗਲਤ ਹੋਵੇਗਾ। ਪਰ ਇਥੇ ਉਨ੍ਹਾਂ ਨੇ ਆ ਕੇ ਜੋ ਕਹਿਣਾ ਸੀ, ਉਨ੍ਹਾਂ ਕਿਹਾ, ਇਹ ਸਿਆਸਤ ਨਹੀਂ ਹੈ।

    ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਉਸ ਪਰਿਵਾਰ ਦਾ ਹਿੱਸਾ ਹਨ ਜਿਸ ਦੀ ਦਾਦੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਅਤੇ ਜਿਸ ਦੇ ਪਿਤਾ ਨੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਪਰ ਸ੍ਰੀ ਅਕਾਲ ਤਖ਼ਤ ਸਾਹਿਬ ਉੱਚਾ ਖੜ੍ਹਾ ਹੈ। ਇਹ ਜ਼ਖ਼ਮ 40 ਸਾਲਾਂ ਤੋਂ ਉਵੇਂ ਹੀ ਹੈ। ਉਨ੍ਹਾਂ ਦੀ ਇਸ ਸੇਵਾ ਨੂੰ ਪਸ਼ਚਾਤਾਪ ਨਹੀਂ ਕਿਹਾ ਜਾ ਸਕਦਾ।