ਅਯੁੱਧਿਆ- ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਲਈ 5 ਅਗਸਤ ਨੂੰ ਭੂਮੀ ਪੂਜਨ ਹੋਵੇਗਾ। ਰਾਮ ਮੰਦਰ ਦੇ ਭੂਮੀ ਪੂਜਨ ਨਾਲ ਰਾਜਸਥਾਨ ਦੇ ਭਰਤਪੁਰ ਜਿਲੇ ਦੇ ਬੰਸ਼ੀਪਹਾਰਪੁਰ ਅਤੇ ਸਿਰੋਹੀ ਦੇ ਪਿੰਡਵਾਡਾ ਵਿਚ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। ਭੂਮੀ ਪੂਜਨ ਦੇ ਨਾਲ ਹੀ ਮੰਦਰ ਦੇ ਨਿਰਮਾਣ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਹੋ ਜਾਵੇਗਾ। ਅਜਿਹੇ ‘ਚ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਅਯੁੱਧਿਆ ‘ਚ ਭਗਵਾਨ ਰਾਮ ਦੀ 251 ਮੀਟਰ ਉੱਚੀ ਮੂਰਤੀ ਲਗਾਉਣ ਦੀ ਦਿਸ਼ਾ ‘ਚ ਕੰਮ ਤੇਜ਼ ਕਰ ਦਿੱਤਾ ਹੈ।

    ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਹੋਵੇਗੀ ਭਗਵਾਨ ਰਾਮ ਦੀ ਮੂਰਤੀ
    ਮਿਲੀ ਜਾਣਕਾਰੀ ਅਨੁਸਾਰ ਅਯੁੱਧਿਆ ‘ਚ ਲੱਗਣ ਵਾਲੀ ਭਗਵਾਨ ਰਾਮ ਦੀ ਇਹ ਮੂਰਤੀ ਵਿਸ਼ਵ ਦੀ ਸਭ ਤੋਂ ਉੱਚੀ ਮੂਰਤੀ ਹੋਵੇਗੀ। ਮੂਰਤੀ ਦਾ ਨਿਰਮਾਣ ਉੱਤਰ ਪ੍ਰਦੇਸ਼ ‘ਚ ਹੀ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਮੂਰਤੀ ਪੂਰੀ ਤਰ੍ਹਾਂ ਨਾਲ ਦੇਸੀ ਹੋਵੇਗੀ, ਇਸ ‘ਚ ਕਿਸੇ ਤਰ੍ਹਾਂ ਦੀ ਕੋਈ ਵਿਦੇਸ਼ੀ ਵਸਤੂ ਸ਼ਾਮਲ ਨਹੀਂ ਹੋਵੇਗੀ। ਇਸ ਮੂਰਤੀ ਦਾ ਨਿਰਮਾਣ ਕਰ ਰਹੇ ਪਦਮ ਭੂਸ਼ਣ ਨਾਲ ਸਨਮਾਨਤ ਮੂਰਤੀਕਾਰ ਰਾਮ ਸੁਤਾਰ ਅਤੇ ਉਨ੍ਹਾਂ ਦੇ ਬੇਟੇ ਅਨਿਲ ਕੁਮਾਰ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੂਰਤੀ ਦੇ ਡਿਜ਼ਾਈਨ ਦੇ ਪਾਸ ਹੋਣ ਤੋਂ ਬਾਅਦ ਉਨ੍ਹਾਂ ਦੀ ਸੀ.ਐੱਮ. ਨਾਲ ਇਸ ਦੇ ਨਿਰਮਾਣ ਕੰਮ ਨੂੰ ਲੈ ਕੇ ਗੱਲਬਾਤ ਹੋ ਚੁਕੀ ਹੈ।

    ਇਹ ਚੀਜ਼ਾਂ ਵੀ ਹੋਣਗੀਆਂ ਮੰਦਰ ‘ਚ
    ਭਗਵਾਨ ਰਾਮ ਦੀ ਇਸ ਮੂਰਤੀ ਦੇ ਬੇਸ ਦੇ ਹੇਠਾਂ ਮਿਊਜ਼ੀਅਮ ਬਣਾਇਆ ਜਾਵੇਗਾ, ਜਿਸ ‘ਚ ਤਕਨਾਲੋਜੀ ਰਾਹੀਂ ਭਗਵਾਨ ਵਿਸ਼ਨੂੰ ਦੇ ਸਾਰੇ ਅਵਤਾਰਾਂ ਨੂੰ ਦਿਖਾਇਆ ਜਾਵੇਗਾ। ਇੱਥੇ ਡਿਜ਼ੀਟਲ ਮਿਊਜ਼ੀਅਮ, ਫੂਡ ਪਲਾਜ਼ਮਾ, ਲੈਂਡ ਸਕੇਪਿੰਗ, ਲਾਇਬਰੇਰੀ, ਰਾਮਾਇਣ ਕਾਲ ਦੀ ਗੈਲਰੀ ਆਦਿ ਦਾ ਵੀ ਨਿਰਮਾਣ ਕੀਤਾ ਜਾਵੇਗਾ।