ਮਾਤਾ ਚਿੰਤਪੁਰਨੀ ‘ਤੇ ਵਿਵਾਦਿਤ ਬਿਆਨ ਦੇਣ ਕਾਰਨ ਮੁਸ਼ਕਿਲ ‘ਚ ਘਿਰੇ ਗਾਇਕ ਮਾਸਟਰ ਸਲੀਮ ਖਿਲਾਫ ਕੈਂਟ ਥਾਣੇ ‘ਚ FIR ਦਰਜ ਨਾ ਕਰਨ ਦਾ ਮਾਮਲਾ ਅਦਾਲਤ ‘ਚ ਪਹੁੰਚ ਗਿਆ ਹੈ। ਦੀਵਾਨ ਨਗਰ ਜਲੰਧਰ ਦੇ ਰਹਿਣ ਵਾਲੇ ਗੌਰਵ ਨੇ ਜੂਨੀਅਰ ਮੈਜਿਸਟ੍ਰੇਟ ਫਸਟ ਕਲਾਸ ਮਿਸ ਅਰਪਨਾ ਦੀ ਅਦਾਲਤ ਵਿਚ 156 (3) ਸੀਆਰਪੀਸੀ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਨੂੰ ਲੈ ਕੇ ਅਦਾਲਤ ਨੇ ਥਾਣਾ ਕੈਂਟ ਦੇ ਇੰਚਾਰਜ ਨੂੰ ਰਿਕਾਰਡ ਸਮੇਤ ਅਦਾਲਤ ਵਿੱਚ ਤਲਬ ਕੀਤਾ ਹੈ।

    ਥਾਣਾ ਕੈਂਟ ਦੇ ਇੰਚਾਰਜ ਅੱਜ ਜੇਐਮਆਈਸੀ ਅਦਾਲਤ ਵਿੱਚ ਆਪਣਾ ਜਵਾਬ ਦਾਖ਼ਲ ਕਰਨਗੇ। ਗੌਰਵ ਦੀ ਸ਼ਿਕਾਇਤ ‘ਤੇ ਵਿਵਾਦਿਤ ਬਿਆਨ ਦੇ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਮਾਸਟਰ ਸਲੀਮ ਖਿਲਾਫ ਮਾਮਲਾ ਦਰਜ ਨਾ ਹੋਣ ਦਾ ਕਾਰਨ ਉਹ ਅਦਾਲਤ ਨੂੰ ਦੱਸੇਗਾ। ਕੈਂਟ ਵਿੱਚ ਮਾਸਟਰ ਸਲੀਮ ਖ਼ਿਲਾਫ਼ FIR ਦਰਜ ਹੋਵੇਗੀ ਜਾਂ ਨਹੀਂ, ਇਸ ਬਾਰੇ ਅਦਾਲਤ ਅੱਜ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਸ਼ਿਕਾਇਤ ਦੇਣ ਵਾਲੇ ਗੌਰਵ ਨੇ ਆਪਣੀ ਅਪੀਲ ਵਿੱਚ ਲਿਖਿਆ ਹੈ ਕਿ ਥਾਣਾ ਕੈਂਟ ਦੇ ਇੰਚਾਰਜ ਉਸ ਦੀ ਸ਼ਿਕਾਇਤ ’ਤੇ ਮਾਸਟਰ ਸਲੀਮ ਖ਼ਿਲਾਫ਼ ਕੇਸ ਦਰਜ ਨਹੀਂ ਕਰ ਰਹੇ। ਮਾਸਟਰ ਸਲੀਮ ਨੇ ਬਾਬਾ ਮੁਰਾਦ ਸ਼ਾਹ ਮੇਲੇ ਵਿੱਚ ਕੱਵਾਲੀ ਦੌਰਾਨ ਗਾਲੀ ਗਲੋਚ ਕੀਤਾ ਸੀ। ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਕੋਈ ਵੀ ਅਜਿਹੀ ਬਿਆਨਬਾਜ਼ੀ ਕਰਦਾ ਹੈ ਜਿਸ ਨਾਲ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ ਅਤੇ ਜੇਕਰ ਉਸ ਵਿਰੁੱਧ ਕੋਈ ਸ਼ਿਕਾਇਤ ਨਹੀਂ ਮਿਲਦੀ ਤਾਂ ਵੀ ਉਸ ਵਿਰੁੱਧ ਖੁਦ ਨੋਟਿਸ ਲੈ ਕੇ ਕੇਸ ਦਰਜ ਕੀਤਾ ਜਾ ਸਕਦਾ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਅਧਿਕਾਰੀ ਸ਼ਿਕਾਇਤ ਮਿਲਣ ‘ਤੇ ਕਾਰਵਾਈ ਨਹੀਂ ਕਰਦਾ ਤਾਂ ਇਸ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਮੰਨਿਆ ਜਾਵੇਗਾ।