Skip to content
ਨਾਭਾ 18 ਨਵੰਬਰ (ਅਮਨ ਗਰਗ ): ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਨਾਭਾ (ਜ਼ਿਲ੍ਹਾ ਪਟਿਆਲਾ) ਦੇ ਸਰਪੰਚ ਰਣਜੀਤ ਸਿੰਘ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇੱਕ ਲਿਖਤੀ ਦਰਖਾਸਤ ਦੇ ਕੇ ਇਲਾਕਾ ਨਿਵਾਸੀਆਂ ਦੇ ਘਰ ਨਾ ਢਾਹੁਣ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਗੁਹਾਰ ਲਗਾਈ ਗਈ ਹੈ।
ਦਰਖਾਸਤ ਵਿੱਚ ਦੱਸਿਆ ਗਿਆ ਹੈ ਕਿ ਗੁਰੂ ਤੇਗ ਬਹਾਦਰ ਨਗਰ ਦੇ ਵਸਨੀਕਾਂ ਕੋਲ ਇਨ੍ਹਾਂ ਪਲਾਟਾਂ ਦੀਆਂ ਪੱਕੀਆਂ ਰਜਿਸਟਰੀਆਂ ਮੌਜੂਦ ਹਨ। ਇਸ ਦੇ ਬਾਵਜੂਦ ਮਿਤੀ 18 ਅਗਸਤ 2025 ਨੂੰ ਨਹਿਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਇਨ੍ਹਾਂ ਘਰਾਂ ਨੂੰ ਨਜਾਇਜ਼ ਕਬਜ਼ੇ ਦੱਸਦਿਆਂ ਢਾਹੁਣ ਲਈ ਪਹੁੰਚ ਗਈ। ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਵਿਰੋਧ ਵਿੱਚ ਨਗਰ ਨਿਵਾਸੀਆਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਸਬੰਧਤ ਮਹਿਕਮੇ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਬਣੇ-ਬਣਾਏ ਘਰ ਨਾ ਢਾਏ ਜਾਣ ਅਤੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਢੁਕਵਾਂ ਸਮਾਂ ਦਿੱਤਾ ਜਾਵੇ। ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਜ਼ਮੀਨ ਬਹੁਤ ਸਮਾਂ ਪਹਿਲਾਂ ਖਰੀਦੀ ਸੀ ਅਤੇ ਇਸ ਦੀ ਬਣਦੀ ਪੂਰੀ ਰਕਮ ਅਦਾ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਕੋਲ ਕਾਨੂੰਨੀ ਰਜਿਸਟਰੀਆਂ ਮੌਜੂਦ ਹਨ ਤਾਂ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ।
ਸਰਪੰਚ ਰਣਜੀਤ ਸਿੰਘ, ਸਾਧੂ ਸਿੰਘ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਸਾਰੀ ਜਗ੍ਹਾ ਅਤੇ ਰਜਿਸਟਰੀਆਂ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਬੇਕਸੂਰ ਲੋਕਾਂ ਨੂੰ ਇਨਸਾਫ ਮਿਲ ਸਕੇ।
Related