ਬਟਾਲਾ ਦੇ ਨਜ਼ਦੀਕ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਵੱਧ ਵਿਦਿਆਰਥੀ ਅਤੇ ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਹ ਦਰਦਨਾਕ ਹਾਦਸਾ ਅੱਜ ਸਵੇਰੇ ਕਰੀਬ 6 ਵਜੇ ਪਿੰਡ ਕਲੇਰ ਖੁਰਦ, ਜਿਸ ਨੂੰ ‘ਖੂਨੀ ਕਲੇਰ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਵਿਖੇ ਵਾਪਰਿਆ।

ਮਿਲੀ ਜਾਣਕਾਰੀ ਅਨੁਸਾਰ ਗਲੋਬਲ ਇੰਸਟੀਚਿਊਟ ਅੰਮ੍ਰਿਤਸਰ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਟੂਰਿਸਟ ਬੱਸ ਅੰਮ੍ਰਿਤਸਰ ਤੋਂ ਜੰਮੂ ਵੱਲ ਜਾ ਰਹੀ ਸੀ। ਜਦੋਂ ਬੱਸ ਖੂਨੀ ਕਲੇਰ ਕੋਲ ਪਹੁੰਚੀ ਤਾਂ ਅੱਗੇ ਹੋਏ ਇਕ ਹੋਰ ਹਾਦਸੇ ਕਾਰਨ ਡਰਾਈਵਰ ਨੇ ਅਚਾਨਕ ਬਰੇਕ ਲਗਾ ਕੇ ਬੱਸ ਨੂੰ ਕੱਟ ਮਾਰਿਆ, ਜਿਸ ਨਾਲ ਬੱਸ ਬੇਕਾਬੂ ਹੋ ਕੇ ਹਾਈਵੇ ‘ਤੇ ਹੀ ਪਲਟ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਜੰਮੂ ਦੇ ਰਹਿਣ ਵਾਲੇ ਦੋ ਵਿਦਿਆਰਥੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਨਿਤੀਸ਼ ਸਿੰਘ, ਹਰੀਸ਼ ਅਤੇ ਵਿਸ਼ਵ ਅਰੋੜਾ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ। ਵਿਸ਼ਵ ਅਰੋੜਾ ਜੰਮੂ ਦੀ ਇੱਕ ਫਾਰਮਾ ਕੰਪਨੀ ਵਿੱਚ ਵਰਕਿੰਗ ਮੈਨੇਜਰ ਵਜੋਂ ਤਾਇਨਾਤ ਹੈ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇਸ ਦੌਰਾਨ ਬੱਸ ਦੇ ਪਲਟਣ ਤੋਂ ਬਾਅਦ ਹਾਈਵੇ ‘ਤੇ ਪੰਜ ਹੋਰ ਵਾਹਨ ਵੀ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਕਈ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ। ਸੂਚਨਾ ਮਿਲਦੇ ਹੀ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਦੇ ਇੰਚਾਰਜ ਏਐਸਆਈ ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ। ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਬਾਅਦ ਵਿੱਚ ਕਰੇਨ ਦੀ ਮਦਦ ਨਾਲ ਪਲਟੀ ਬੱਸ ਨੂੰ ਸਿੱਧਾ ਕਰਕੇ ਹਾਈਵੇ ‘ਤੇ ਆਵਾਜਾਈ ਮੁੜ ਚਾਲੂ ਕਰਵਾ ਦਿੱਤੀ ਗਈ।