ਬਟਾਲਾ :- ਬਟਾਲਾ ਦੇ ਜਲੰਧਰ ਰੋਡ ’ਤੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਪੁਲਸ ਵਿਭਾਗ ਦੇ ਇੱਕ ਏ.ਐਸ.ਆਈ. ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਹ ਡਿਊਟੀ ਮੁਕਾ ਕੇ ਮੋਟਰਸਾਈਕਲ ’ਤੇ ਵਾਪਸ ਆ ਰਹੇ ਸਨ ਕਿ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ.ਐਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਥਾਣਾ ਸਿਵਲ ਲਾਈਨਜ਼ ਵਿੱਚ ਦਰਜ ਬਿਆਨਾਂ ਮੁਤਾਬਕ ਏ.ਐਸ.ਆਈ. ਸੁਖਵੰਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਪੀ.ਓ. ਸਟਾਫ ਬਟਾਲਾ ਵਿੱਚ ਤਾਇਨਾਤ ਹਨ। ਉਨ੍ਹਾਂ ਦੇ ਮੁਤਾਬਕ ਥਾਣਾ ਰੰਗੜ ਨੰਗਲ ਇਲਾਕੇ ਵਿੱਚ ਡਿਊਟੀ ਪੂਰੀ ਕਰਨ ਤੋਂ ਬਾਅਦ ਏ.ਐਸ.ਆਈ. ਮੁਖਤਿਆਰ ਸਿੰਘ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਆ ਰਹੇ ਸਨ, ਜਦਕਿ ਸੁਖਵੰਤ ਸਿੰਘ ਅਤੇ ਕਾਂਸਟੇਬਲ ਜਸਵਿੰਦਰ ਸਿੰਘ ਦੂਜੇ ਮੋਟਰਸਾਈਕਲ ’ਤੇ ਉਨ੍ਹਾਂ ਦੇ ਪਿੱਛੇ ਆ ਰਹੇ ਸਨ।
ਜਦੋਂ ਇਹ ਸਾਰੇ ਜਲੰਧਰ ਰੋਡ ’ਤੇ ਸਥਿਤ ਸ਼ੇਰ-ਏ-ਪੰਜਾਬ ਢਾਬੇ ਦੇ ਨੇੜੇ ਪਹੁੰਚੇ ਤਾਂ ਇਕ ਤੇਜ਼ ਰਫ਼ਤਾਰ ਇਨੋਵਾ ਕਾਰ ਨੇ ਅੱਗੇ ਜਾ ਰਹੇ ਏ.ਐਸ.ਆਈ. ਮੁਖਤਿਆਰ ਸਿੰਘ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਉਹ ਮੋਟਰਸਾਈਕਲ ਸਮੇਤ ਸੜਕ ’ਤੇ ਡਿੱਗ ਪਏ ਅਤੇ ਗੰਭੀਰ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਜ਼ਖਮੀ ਏ.ਐਸ.ਆਈ. ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਲਿਜਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਚੌਕੀ ਇੰਚਾਰਜ ਦੇ ਮੁਤਾਬਕ ਏ.ਐਸ.ਆਈ. ਸੁਖਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਵਲ ਲਾਈਨਜ਼ ਵਿੱਚ ਅਣਪਛਾਤੇ ਇਨੋਵਾ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਫਰਾਰ ਡਰਾਈਵਰ ਦੀ ਪਛਾਣ ਕਰਨ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

