ਅੰਮ੍ਰਿਤਸਰ ਵਿੱਚ ਲਗਾਤਾਰ ਹੀ ਲੁੱਟਖੋਹ ਦੀਆਂ ਵਾਰਦਾਤਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਚੌਂਕ ਪਰਾਗ ਦਾਸ ਦਾ ਹੈ ਜਿੱਥੇ ਕਿ ਲੁਟੇਰਿਆਂ ਵੱਲੋਂ ਸੋਨਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦਾ ਜਾਇਜ਼ਾ ਲਿਆ ਅਤੇ ਹੁਣ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

    ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਦਰਬਾਰ ਸਾਹਿਬ ਨਜ਼ਦੀਕ ਪਰਾਗ ਦਾਸ ਚੌਂਕ ਦੇ ਕੋਲ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਉਹਨਾਂ ਦੱਸਿਆ ਕਿ ਰੁਪੇਸ਼ ਸੈਨੀ ਤੇ ਮੁਕੇਸ਼ ਸੈਨੀ ਨਾਮ ਦੇ ਦੋ ਭਰਾ ਸੋਨਾ ਕੋਰੀਅਰ ਕਰਨ ਦਾ ਕੰਮ ਕਰਦੇ ਹਨ ਅਤੇ ਮੁਕੇਸ਼ ਸੈਨੀ ਰੋਜ਼ਾਨਾ ਦੀ ਤਰ੍ਹਾਂ ਵੱਖ-ਵੱਖ ਦੁਕਾਨਦਾਰਾਂ ਤੋਂ ਸੋਨਾ ਲੈ ਕੇ ਕੋਰੀਅਰ ਕਰਨ ਲਈ ਗੁਰੂ ਬਾਜ਼ਾਰ ਜਾ ਰਹੇ ਸੀ।

    ਇਸ ਦੌਰਾਨ ਜਦੋਂ ਉਹ ਪਰਾਗਦਾਸ ਚੌਂਕ ਦੇ ਨਜ਼ਦੀਕ ਪਹੁੰਚੇ ਤਾਂ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਉਸ ਕੋਲੋਂ ਸੋਨਾ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਸੋਨਾ ਕਿੰਨੀ ਕੁਆਂਟਿਟੀ ਵਿੱਚ ਹੈ ਇਸ ਬਾਰੇ ਹਜੇ ਪਤਾ ਨਹੀਂ ਚੱਲ ਸਕਿਆ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਪੁਲਿਸ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਵੇਗੀ।