
Skip to content

(ਅਮਿਤ ਨਖਵਾਲ) ਚੰਡੀਗੜ੍ਹ, 18 ਜੁਲਾਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਕਪਤਾਨ ਰੋਹਿਤ ਸ਼ਰਮਾ ਦੇ ਸੰਨਿਆਸ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ।
ਇੰਗਲੈਂਡ ਦੌਰੇ ਦੌਰਾਨ ਰੋਹਿਤ ਸ਼ਰਮਾ ਦੇ ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਸੀ ਕਿ ਉਹ ਇੰਗਲੈਂਡ ਖ਼ਿਲਾਫ਼ ਲਾਰਡਜ਼ ਵਿੱਚ ਖੇਡਿਆ ਜਾਣ ਵਾਲਾ ਤੀਜਾ ਵਨਡੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡ ਸਕਦੇ ਹਨ। ਰੋਹਿਤ ਪਹਿਲੇ ਦੋ ਵਨਡੇ ਮੈਚਾਂ ਵਿੱਚ ਕ੍ਰਮਵਾਰ 11 ਅਤੇ 26 ਦੌੜਾਂ ਹੀ ਬਣਾ ਸਕੇ ਸਨ, ਜਿਸ ਕਾਰਨ ਸੰਨਿਆਸ ਦੀਆਂ ਅਫ਼ਵਾਹਾਂ ਨੂੰ ਹੋਰ ਬਲ ਮਿਲਿਆ।
ਹਾਲਾਂਕਿ BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਇਨ੍ਹਾਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਵਿੱਚ ਰੋਹਿਤ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਪਰ ਬੋਰਡ ਵੱਲੋਂ ਅਜਿਹੀ ਕੋਈ ਚਰਚਾ ਨਹੀਂ ਹੋਈ ਕਿ ਲਾਰਡਜ਼ ਵਿੱਚ ਖੇਡਿਆ ਜਾਣ ਵਾਲਾ ਤੀਜਾ ਵਨਡੇ ਰੋਹਿਤ ਸ਼ਰਮਾ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋਵੇਗਾ।
ਸੈਕੀਆ ਨੇ ਸਪੱਸ਼ਟ ਕੀਤਾ ਕਿ ਰੋਹਿਤ ਸ਼ਰਮਾ ਭਾਰਤ ਲਈ ਖੇਡਣਾ ਜਾਰੀ ਰੱਖਣਗੇ ਅਤੇ ਉਨ੍ਹਾਂ ਦੇ ਸੰਨਿਆਸ ਬਾਰੇ ਫਿਲਹਾਲ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ BCCI ਨੇ ਰੋਹਿਤ ਸ਼ਰਮਾ ਨੂੰ 2027 ਵਨਡੇ ਵਿਸ਼ਵ ਕੱਪ ਦੀਆਂ ਯੋਜਨਾਵਾਂ ਦਾ ਹਿੱਸਾ ਨਾ ਹੋਣ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਲਾਰਡਜ਼ ਵਿੱਚ ਹੋਣ ਵਾਲਾ ਤੀਜਾ ਵਨਡੇ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਮੈਚ ਹੋ ਸਕਦਾ ਹੈ। ਹਾਲਾਂਕਿ BCCI ਦੇ ਤਾਜ਼ਾ ਬਿਆਨ ਤੋਂ ਬਾਅਦ ਇਨ੍ਹਾਂ ਅਟਕਲਾਂ ‘ਤੇ ਫਿਲਹਾਲ ਵਿਰਾਮ ਲੱਗ ਗਿਆ ਹੈ।

Related