ਨੈਸ਼ਨਲ ਡੈਸਕ- ਚੰਗੇ ਭਵਿੱਖ ਦੀ ਤਲਾਸ਼ ਲਈ ਮਲੇਸ਼ੀਆ ਵਿੱਚ ਗਏ ਇਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਸ ਨੌਜਵਾਨ ਦਾ ਨਾਮ ਭੁਪਿੰਦਰ ਸਿੰਘ ਹੈ ਜੋ ਕਿ ਗੁਰਦਾਸਪੁਰ ਦੇ ਕਸਬਾ ਕਲਾਨੌਰ ਦਾ ਰਹਿਣ ਵਾਲਾ ਹੈ। ਪਿਛਲੇ ਅੱਠ ਸਾਲਾਂ ਤੋਂ ਮਲੇਸ਼ੀਆ ਵਿੱਚ ਟਰਾਲਾ ਚਲਾ ਕੇ ਰੋਜ਼ੀ ਰੋਟੀ ਕਮਾ ਰਿਹਾ ਸੀ। ਇਸ ਦੁਖਦ ਖਬਰ ਮਿਲਣ ਤੋਂ ਬਾਅਦ ਹਲਕੇ ਵਿੱਚ ਸੋਗ ਦੀ ਲਹਿਰ ਹੈ।ਵਿਦੇਸ਼ਾਂ ‘ਚੋਂ ਇਕ ਤੋਂ ਬਾਅਦ ਇਕ ਪੰਜਾਬੀਆਂ ਦੀਆਂ ਮੌਤਾਂ ਦੀਆਂ ਖਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਭੁਪਿੰਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਮਲੇਸ਼ੀਆ ਦੇਸ਼ ਵਿੱਚ ਟਰਾਲਾ ਚਲਾਉਂਦਾ ਸੀ ਅੱਤੇ ਪਿੱਛਲੇ 8 ਸਾਲ ਤੋਂ ਵਿਦੇਸ਼ ਵਿੱਚ ਕੰਮ ਕਰ ਰਿਹਾ ਸੀ। ਬੀਤੇ ਕੱਲ੍ਹ ਉਸਦੇ ਟਰਾਲੇ ਦੀਆਂ ਬਰੇਕਾਂ ਫੇਲ ਹੋਣ ਕਰਕੇ ਹਾਦਸਾ ਵਾਪਰ ਗਿਆ ਅਤੇ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਫੋਨ ਆਇਆ ਸੀ ਕਿ ਭੁਪਿੰਦਰ ਦੀ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ। ਇਸ ਖਬਰ ਨਾਲ ਕਲਾਨੌਰ ਵਿੱਚ ਸੋਗ ਦੀ ਲਹਿਰ ਹੈ। ਇਸ ਮੌਕੇ ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਸਾਡੇ ਬੇਟੇ ਦੀ ਮ੍ਰਿਤਕ ਦੇਹ ਜਲਦੀ ਤੋਂ ਜਲਦੀ ਭਾਰਤ ਲਿਆਂਦੀ ਜਾਵੇ ਤਾਂ ਜੋ ਅਸੀਂ ਉਸ ਦਾ ਸਸਕਾਰ ਕਰ ਸਕੀਏ। ਦੱਸ ਦੇਈਏ ਕਿ ਮ੍ਰਿਤਕ ਦਾ ਇਕ ਛੋਟਾ ਬੱਚਾ ਵੀ ਹੈ।