ਜਲੰਧਰ-(ਸੁਖਵੰਤ ਸਿੰਘ ) ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਵਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਜੇਕਰ ਕਿਸਾਨਾਂ ਦੀ ਕਦੀ ਕਿਸੇ ਨੇ ਵੀ ਬਾਂਹ ਫੜੀ ਹੈ ਤਾਂ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਹੀ ਫੜੀ ਹੈ , ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਅਤੇ ਨਹਿਰਾਂ ਦਾ ਪਾਣੀ ਫ੍ਰੀ ਕੀਤਾ । ਕਾਂਗਰਸ ਪਾਰਟੀ ਦਾ ਬਹੁਤ ਵੱਡਾ ਸਮਾਂ ਰਾਜ ਰਿਹਾ ,ਪਰ ਉਹਨਾਂ ਨੇ ਕਿਸਾਨਾਂ ਦੀ ਭਲਾਈ ਲਈ ਇਕ ਵੀ ਕੰਮ ਨਹੀਂ ਕੀਤਾ। ਜੋ ਵੀ ਕਿਸਾਨਾਂ ਲਈ ਕਰੋੜਾਂ ਦਾ ਬੱਜਟ ਪਾਸ ਕਰਵਾਇਆ ਗਿਆ ਤਾਂ ਉਹ ਸਿਰਫ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਕਰਵਾਇਆ ਅਤੇ ਕਿਸਾਨਾਂ ਉੱਪਰ ਕੋਈ ਵੀ ਔਕੜ ਆਉਂਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਹੀ ਸਾਥ ਦਿੱਤਾ ਹੈ ਤੇ ਹਮੇਸ਼ਾ ਨਾਲ ਖੜ੍ਹਦਾ ਹੈ । ਇਸ ਬਾਰੇ ਮੰਨਣ ਨੇ ਕਿਹਾ ਜੇ ਅੱਜ ਵੀ ਝੋਨੇ ਅਤੇ ਕਣਕ ਦੇ ਸਮਰਥਨ ਮੁੱਲ ਘਟਾਏ ਜਾਂਦੇ ਹਨ ਤਾਂ ਅਸੀਂ ਅੱਜ ਵੀ ਕਿਸਾਨਾਂ ਨਾਲ ਖੜ੍ਹੇ ਹਾਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਈ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਹਮੇਸ਼ਾ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਾਂਗੇ ।ਮੰਨਣ ਨੇ ਕਿਹਾ ਪੰਜਾਬ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਜਿਨ੍ਹਾਂ ਦਾ ਖਾਮਿਆਜਾ ਆਮ ਅਤੇ ਭੋਲੀ-ਭਾਲੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ਚ ਰੱਖਦੇ ਹੋਏ ਸਾਰੇ ਪੰਜਾਬ ਵਿਚ ਥੋੜੀ-ਥੋੜੀ ਗਿਣਤੀ ਵਿਚ ਜਗ੍ਹਾ -ਜਗ੍ਹਾ ਧਰਨੇ ਲਗਾਏ ਜਾਣਗੇ।