ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਪੁੱਛੇ ਚਾਰ ਸਵਾਲ

    1.ਕੀ ਤੁਸੀਂ ਕੇਂਦਰੀ ਖੇਤੀ ਕਾਨੂੰਨ ਰੱਦ ਕਰ ਦਿੱਤੇ ? 
    2.ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਕਦੋਂ ਲਾਗੂ ਹੋਣਗੇ ? 
    3.ਕੀ ਐਮ ਐਸ ਪੀ ਕਾਨੂੰਨੀ ਅਧਿਕਾਰ ਬਣ ਗਿਆ ? 
    4.ਕੀ ਤੁਸੀਂ ਐਮ ਐਸ ਪੀ ਅਧੀਨ ਆਉਂਦੀਆਂ ਸਾਰੀਆਂ 24 ਫਸਲਾਂ ਦੀ ਖਰੀਦ ਦੀ ਗਰੰਟੀ ਦਿੱਤੀ ਹੈ ?

    ਮੁੱਖ ਮੰਤਰੀ ਨੂੰ ਜਵਾਬ ਦੇਣ ਲਈ ਦੋ ਹਫਤੇ ਦਾ ਸਮਾਂ ਦਿੱਤਾ, ਜੇਕਰ ਜਵਾਬ ਨਾ ਦਿੱਤਾ ਤਾਂ ਫਿਰ ਸਾਬਤ ਹੋ ਜਾਵੇਗਾ ਕਿ ਉਹਨਾਂ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਰ ਸਵਾਲ ਕੀਤੇ ਜਿਸ ਵਿਚ ਇਕ ਚੁਣੌਤੀ ਵੀ ਸ਼ਾਮਲ ਹੈ ਕਿ ਕੀ ਉਹਨਾਂ ਨੇ ਕੇਂਦਰੀ ਖੇਤੀਬਾੜੀ ਮੰਡੀਕਰਣ ਕਾਨੂੰਨ ਰੱਦ ਕਰ ਦਿੱਤੇ ਹਨ ਅਤੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਬਿੱਲ ਕਦੋਂ ਤੋਂ ਲਾਗੂ ਹੋਣਗੇ।
    ਇਹਨਾਂ ਦੋ ਸਵਾਲਾਂ, ਜੋ ਕਿ ਚਾਰ ਸਵਾਲਾਂ ਦਾ ਹਿੱਸਾ ਹਨ, ਵਿਚ ਮੁੱਖ ਮੰਤਰੀ ਨੂੰ ਇਹ ਵੀ ਪੁੱਛਿਆ ਗਿਆ ਹੈ ਕਿ ਕੀ ਉਹਨਾਂ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੇ ਬਿੱਲਾਂ ਵਿਚ ਐਮ ਐਸ ਪੀ ਨੂੰ ਕਿਸਾਨਾਂ ਲਈ ਕਾਨੂੰਨੀ ਹੱਕ ਬਣਾ ਦਿੱਤਾ ਗਿਆ ਹੈ। ਚੌਥੇ ਤੇ ਆਖਰੀ ਸਵਾਲ ਵਿਚ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਐਮ ਐਸ ਪੀ ਅਧੀਨ ਆਉਂਦੀਆਂ 24 ਫਸਲਾਂ ਦੀ ਸਰਕਾਰੀ ਖਰੀਦ ਲਈ ਗਰੰਟੀ ਦੇ ਦਿੱਤੀ ਹੈ ?
    ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਚਾਰੋਂ ਸਵਾਲ ਹਰ ਕੋਈ ਪੁੱਛ ਰਿਹਾ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕੇਂਦਰ ਨਾਲ ਰਲ ਕੇ ਪੰਜਾਬ ਦੇ ਲੋਕਾਂ ਨਾਲ ਖੇਡਾਂ ਨਾ ਖੇਡਣ। ਉਹਨਾਂ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਬਿੱਲ ਕੇਂਦਰ ਸਰਕਾਰ ਵੱਲੋਂ ਪ੍ਰਵਾਨ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਕਿ ਤੁਸੀਂ ਤਾਂ ਸੋਧਿਆ ਹੋਇਆ ਏ ਪੀ ਐਮ ਸੀ ਐਕਟ 2017 ਹੀ ਰੱਦ ਨਹੀਂ ਕੀਤਾ ਜੋ ਕਿ ਕੇਂਦਰੀ ਖੇਤੀਬਾੜੀ ਐਕਟਾਂ ਦੀ ਕਾਪੀ ਹੈ। ਉਹਨਾਂ ਕਿਹਾ ਕਿ ਅਸੀਂ ਸਿੱਧੇ ਜਵਾਬ ਚਾਹੁੰਦੇ ਹਾਂ ਪਰ ਤੁਹਾਡੇ ਕੋਲ 15 ਦਿਨ ਹਨ, ਤੁਸੀਂ ਪੰਜਾਬੀਆਂ ਨੂੰ ਸਿੱਧੇ ਜਵਾਬ ਦਿਓ ਕਿ ਤੁਸੀਂ ਇਸ ਤਰੀਕੇ ਧੋਖੇਬਾਜ਼ੀ ਕਿਉਂ ਕੀਤੀ ਤੇ ਤੁਸੀਂ ਕੇਂਦਰ ਨਾਲ ਰਲ ਕੇ ਉਹਨਾਂ ਦਾ ਭਵਿੱਖ ਕਿਉਂ ਤਬਾਹ ਕਰ ਰਹੇ ਹੋ ?
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਕਾਲੇ ਦੌਰ ਵੱਲ ਧੱਕ ਰਹੇ ਹਨ। ਉਹਨਾਂ ਕਿਹਾ ਕਿ ਇਕੋ ਇਕ ਹੱਲ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣਾ ਹੈ ਜਿਸ ਨਾਲ ਪੰਜਾਬ ਵਿਚ ਕੇਂਦਰੀ ਐਕਟ ਆਪਣੇ ਆਪ ਹੀ ਲਾਗੂ ਨਹੀਂ ਹੋ ਸਕਣਗੇ। ਪਰ ਤੁਸੀਂ ਇਹ ਸੁਝਾਅ ਮੰਨਣ ਲਈ ਤਿਆਰ ਹੀ ਨਹੀਂ ਹੋ ਜੋ ਅਕਾਲੀ ਦਲ ਨੇ ਦਿੱਤਾ ਸੀ ਕਿਉਂਕਿ ਤੁਸੀਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਤੁਸੀਂ ਦਿੱਲੀ ਨਾਲ ਸੌਦਾ ਕਰਨ ਨੂੰ ਤਰਜੀਹ ਦਿੱਤੀ ਤੇ ਕਾਹਲੀ ਵਿਚ ਅਜਿਹੇ ਬਿੱਲ ਪਾਸ ਕਰ ਦਿੱਤੇ ਜਿਹਨਾਂਦ ਾ ਮਕਸਦ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਸਾਬੋਤਾਜ ਕਰਨਾ ਅਤੇ ਰੇਲ ਰੋਕੋ ਖਤਮ ਕਰਵਾਉਣਾ ਹੈ।
    ਬਾਦਲ ਨੇ ਕਿਸਾਨ ਸੰਗਠਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਨੂੰ ਪੁੱਛਣ ਕਿ ਉਹਨਾਂ ਨੇ ਸਰਕਾਰੀ ਖਰੀਦ ਦੀ ਗਰੰਟੀ ਦੇਣ ਤੋਂ ਨਾਂਹ ਕਿਉਂ ਕੀਤੀ ਤੇ ਉਹਨਾਂ ਦੇ ਭਵਿੱਖ ਨਾਲ ਸਬੰਧਤ ਬਿੱਲ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਨਾਲ ਰਾਇ ਮਸ਼ਵਰਾ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਝੂਠ ਬੋਲਿਆ ਕਿ ਉਹਨਾਂ ਨੇ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨਾਲ ਰਾਇ ਮਸ਼ਵਰਾ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹ ਸਭ ਜਾਣਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦਬਾਅ ਵਿਚ ਆ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਲਈ ਮਜਬੂਰ ਹੋਏ ਸਨ ਜਦਕਿ ਪਹਿਲਾਂ ਉਹਨਾਂ ਨੇ ਇਹ ਮੰਗ ਰੱਦ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਪੰਜਾਬੀ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਚਾਹੁੰਦੇ ਹਲ। ਉਹਨਾਂ ਕਿਹਾ ਕਿ ਸਾਡੇ ਸਿੱਧੇ ਸਵਾਲਾਂ ਦੇ ਸਿੱਘੇ ਜਵਾਬ ਦਿਓ ਜੋ ਅਸੀਂ ਲੋਕਾਂ ਵੱਲੋਂ ਪੁੱਛੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਹਰ ਵਾਰ ਵਾਂਗ ਟਾਲਾ ਵੱਟਣ ਵਾਲੇ ਜਵਾਬ ਦੇਣ ਦੇ ਯਤਨ ਨਾ ਕਰਨ। ਉਹਨਾਂ ਕਿਹਾ ਕਿ ਲੋਕਾਂ ਨੂੰ ਜਵਾਬ ਚਾਹੀਦਾ ਹੈ ਨਹੀਂ ਤਾਂ ਇਹ ਬਿਨਾਂ ਸ਼ੱਕ ਸਾਤਬ ਹੋ ਜਾਵੇਗਾ ਕਿ ਤੁਸੀਂ ਅੰਨਦਾਤਾ ਦੀ ਪਿੱਠ ਵਿਚ ਛੁਰਾ ਮਾਰਿਆ।