ਜਲੰਧਰ– ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸਿੱਖਿਆ ਸਕੱਤਰ ਭਜਾਓ, ਸਿੱਖਿਆ ਬਚਾਓ ਦੇ ਦਿੱਤੇ ਨਾਅਰੇ ਦੇ ਤਹਿਤ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਜਲੰਧਰ ਵਲੋਂ ਗਣੇਸ਼ ਭਗਤ, ਨਵਪ੍ਰੀਤ ਬੱਲੀ, ਬੇਅੰਤ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਅੱਗੇ ਪੁੱਡਾ ਗਰਾਊਂਡ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਅਰਥੀ ਫ਼ੂਕ ਰੈਲੀ ਕੀਤੀ ਗਈ।
ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦੇ ਹੋਏ ਤੀਰਥ ਸਿੰਘ ਬਾਸੀ, ਨਵਪ੍ਰੀਤ ਸਿੰਘ ਬੱਲੀ, ਬੇਅੰਤ ਸਿੰਘ, ਹਰਪ੍ਰੀਤ ਕੌਰ, ਗਣੇਸ਼ ਭਗਤ, ਕੁਲਦੀਪ ਸਿੰਘ ਕੌੜਾ ਆਦਿ ਆਗੂਆਂ ਨੇ ਕਿਹਾ ਕਿ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਸਕੂਲੀ ਸਿੱਖਿਆ ਦੇ ਨਾਮਜ਼ਦ ਕੀਤੇ ਸਿਲੇਬਸ ਨੂੰ ਤਿਲਾਂਜਲੀ ਦੇ ਕੇ ਸਰਕਾਰ ਦੇ ਸਿਆਸੀ ਅਜੰਡੇ ਦੀ ਪੂਰਤੀ ਤਹਿਤ ਪੂਰੇ ਸਿੱਖਿਆ ਪ੍ਰਬੰਧ ਨੂੰ ਇੱਕ ਨੈੱਸ (NAS)ਸਰਵੇ ਦੀ ਤਿਆਰੀ ਵਿੱਚ ਝੋਕ, ਨਿੱਜੀਕਰਨ ਪੱਖੀ ਆਨਲਾਇਨ ਸਿੱਖਿਆ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਮਾਨਸਿਕ ਰੋਗੀ ਬਣਾਉਣ ਵੱਲ ਧੱਕਣ ਲਈ ਅਤੇ ਸਿੱਖਿਆ ਦੇ ਜੜ੍ਹੀ ਤੇਲ ਪਾਉਣ, ਹਰ ਰੋਜ਼ ਦੀਆਂ ਜੂਮ ਮੀਟਿੰਗਾਂ ਦਾ ਸਕੂਲ ਸਮੇਂ ਅਨੁਸਾਰ ਕੋਈ ਵੀ ਨਿਸਚਿਤ ਸਮਾਂ ਨਾ ਹੋਣ ਅਤੇ ਮੀਟਿੰਗਾਂ ਵਿੱਚ ਅਧਿਆਪਕਾਂ ਨੂੰ ਵਾਰ-ਵਾਰ ਗਿਰੇ ਹੋਏ ਪੱਧਰ ਤੱਕ ਜ਼ਲੀਲ ਕਰਨਾ, ਸਿੱਖਿਆ ਨੀਤੀ-2020 ਨੂੰ ਪੂਰੀ ਰਫ਼ਤਾਰ ਨਾਲ਼ ਲਾਗੂ ਕਰਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਸਿਖਿਆ ਦਾ ਹੱਕ ਖੋਹਣ, ਘੱਟ ਬੱਚਿਆਂ ਦੀ ਗਿਣਤੀ ਦਾ ਬਹਾਨਾ ਬਣਾ ਕੇ ਪੇਂਡੂ ਸਕੂਲਾਂ ਨੂੰ ਬੰਦ ਕਰਨ, ਹਜ਼ਾਰਾਂ ਪੋਸਟਾਂ ਨੂੰ ਖ਼ਤਮ ਕਰਨ, ਹਰ ਵਰਗ ਦੇ ਅਧਿਆਪਕਾਂ ਦੀਆਂ ਵਿਭਾਗੀ ਪਰਮੋਸ਼ਨਾਂ ਨਾ ਕਰਨ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਵਿੱਚ ਸਭ ਤੋਂ ਵੱਡਾ ਅੜਿਕਾ ਬਣਨ ਦੇ ਵਿਰੋਧ ਵਿੱਚ ਸਿੱਖਿਆ ਸਕੱਤਰ ਭਜਾਓ, ਸਿੱਖਿਆ ਬਚਾਓ ਦੇ ਨਾਅਰੇ ਤਹਿਤ ਆਵਾਜ਼ ਬੁਲੰਦ ਕੀਤੀ ਗਈ।

    ਇਸ ਦੌਰਾਨ ਅੱਜ ਪੂਰੇ ਪੰਜਾਬ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਅਰਥੀਆਂ ਫੂਕ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਰੋਸ ਪੱਤਰ ਭੇਜੇ ਜਾ ਰਹੇ ਹਨ। ਬੁਲਾਰਿਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਤੁਰੰਤ ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਦਿੱਤੇ ਗਏ ਮੰਗ ਪੱਤਰਾਂ ਅਨੁਸਾਰ ਅਧਿਆਪਕ ਮੰਗਾਂ ਦਾ ਨਿਪਟਾਰਾ ਨਾ ਕੀਤਾ ਤਾਂ ਸਿੱਖਿਆ ਵਿਭਾਗ ਪੰਜਾਬ ਵਲੋਂ 5 ਸਤੰਬਰ ਨੂੰ ਕੀਤੇ ਜਾਣ ਵਾਲੇ ਰਾਜ ਪੱਧਰੀ ਅਧਿਆਪਕ ਦਿਵਸ ਮੌਕੇ ਉਸੇ ਥਾਂ ਸਮਾਨਅੰਤਰ ਅਧਿਆਪਕ ਦਿਵਸ ਮਨਾਉਂਦੇ ਹੋਏ ਸੰਘਰਸ਼ਾਂ ਦੌਰਾਨ ਵਿਕਟੇਮਾਈਜ ਕੀਤੇ ਆਗੂਆਂ/ ਅਧਿਆਪਕਾਂ ਨੂੰ ਸਨਮਾਨਿਤ ਕਰਨ ਉਪਰੰਤ ਸਰਕਾਰੀ ਰਾਜ ਪੱਧਰੀ ਅਧਿਆਪਕ ਸਮਾਗਮ ਵੱਲ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ। ਜਿਸ ਲਈ ਮੁੱਖ ਤੌਰ ’ਤੇ ਸਿੱਖਿਆ ਸਕੱਤਰ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਜਿੰਮੇਵਾਰ ਹੋਣਗੇ। ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਵਿਧਾਨ ਸਭਾ ਚੋਣਾਂ 2022 ਵਿੱਚ ਵੀ ਮੰਗਾਂ ਨੂੰ ਸਮੇਂ ਸਿਰ ਲਾਗੂ ਨਾ ਕਰਕੇ ਬਣਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣ ਲਈ ਵੀ ਸੁਚੇਤ ਕੀਤਾ। ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਦੇ ਮੁੱਖ ਗੇਟ ਅੱਗੇ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਅਰਥੀ ਫੂਕ ਕੇ ਪਿੱਟ ਸਿਆਪਾ ਕੀਤਾ।
    ਇਸ ਸਮੇਂ ਹੋਰਨਾਂ ਤੋਂ ਇਲਾਵਾ ਬੇਅੰਤ ਸਿੰਘ, ਨਵਪ੍ਰੀਤ ਬੱਲੀ, ਗਣੇਸ਼ ਭਗਤ, ਹਰਪ੍ਰੀਤ ਕੌਰ, ਅਨਿਲ ਕੁਮਾਰ, ਵਿਜੇ ਕੁਮਾਰ, ਰਾਜੀਵ ਭਗਤ, ਪ੍ਰਭਜੋਤ ਕੌਰ, ਅਰੁਨਦੇਵ, ਸੁਖਵਿੰਦਰ ਸਿੰਘ ਮੱਕੜ, ਰਗਜੀਤ ਸਿੰਘ, ਪਰਨਾਮ ਸਿੰਘ ਸੈਣੀ, ਵਿੱਦਿਆ ਸਾਗਰ, ਮੰਗਤ ਸਿੰਘ, ਜਤਿੰਦਰ ਸਿੰਘ ਤੁਲੀ, ਪੂਨਮ ਕਾਲੀਆ, ਮਨਵਿੰਦਰ ਸਿੰਘ, ਮਨਜੀਤ ਸਿੰਘ ਚਾਵਲਾ, ਜਸਵਿੰਦਰ ਸਿੰਘ, ਸੁਵਿੰਦਰ ਗਿੱਲ, ਮਿਨਾਕਸ਼ੀ, ਮਨਜਿੰਦਰ ਸਿੰਘ ਆਦਿ ਜੁਝਾਰੂ ਸਾਥੀ ਹਾਜ਼ਰ ਹੋਏ ।