ਫਰੀਦਕੋਟ (ਪ੍ਰਬੋਧ ਸ਼ਰਮਾ) :  ਵਿਸ਼ਵ ਪ੍ਰਸਿੱਧ ਦਾਨੀ ਤੇ ਸਮਾਜ ਸੇਵੀ ਸ: ਐਸ ਪੀ ਸਿੰਘ ਉਬਰਾਏ ਵੱਲੋਂ ਚਲਾਇਆ ਜਾ ਰਿਹਾ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਬੇਸਹਾਰਾ, ਦੀਨ ਦੁਖੀਆਂ, ਗਰੀਬਾਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਦੀ ਨਿਰਸਵਾਰਥ ਮੱਦਦ ਕਰ ਰਿਹਾ ਹੈ । ਪੰੰਜਾਬ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਫਰੀਦਕੋਟ ਇਕਾਈ ਵੱਲੋਂ ‘ਸੰਨੀ ਰੈਣ ਬਸੇਰਾ’ ਵਿਖੇ’ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਨੂੰ ਮਹੀਨਾਂਵਾਰ ਪੈਨਸ਼ਨਾਂ ਦੇ ਚੈੱਕ ਵੰਡੇ ਗਏ । ਜਾਣਕਾਰੀ ਦਿੰਦਿਆ ਇਕਾਈ ਪ੍ਰਧਾਨ ਭਰਪੂਰ ਸਿੰਘ ਹੁੰਦਲ ਤੇ ਪੈ੍ਰਸ ਸਕੱਤਰ ਪਰਦੀਪ ਸ਼ਰਮਾਂ ਨੇ ਦੱਸਿਆ ਕਿ ਸ੍ਰ: ਉਬਰਾਏ ਵੱਲੋਂ ਲੋੜਵੰਦਾਂ ਦੀ ਮੱਦਦ ਤਹਿਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਅੰਗਹੀਣਾਂ, ਵਿਧਵਾਂ ਅਤੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦੇਕੇ ਉਹਨਾਂ ਦੀਆਂ ਜਰੂਰਤਾਂ ਲਈ ਆਰਥਿਕ ਮੱਦਦ ਹਰ ਮਹੀਨੇ ਕੀਤੀ ਜਾਦੀ ਹੈ । ਉਹਨਾਂ ਦੱਸਿਆ ਕਿ ਜਿੱਥੇ ਕਿਤੇ ਵੀ ਕੁਦਰਤੀ ਆਫਤ ਨਾਲ ਮਨੁੱਖਤਾ ਦਾ ਨੁਕਸਾਨ ਹੋਵੇ ਉਸ ਜਗ੍ਹਾ ਐਸ ਪੀ ਸਿੰਘ ਉਬਰਾਏ ਟੀਮ ਸਮੇਤ ਪਹੁੰਚ ਕੇ ਮਨੁੱਖਤਾ ਦੀ ਸੇਵਾ ਦਾ ਫਰਜ ਨਿਭਾਉਂਦੇ ਹਨ । ਉਹਨਾਂ ਦੱਸਿਆ ਕਿ ਭਾਵੇ ਪੰਜਾਬ ਵਿੱਚ ਹੜ੍ਹਾਂ ਨਾਲ ਨੁਕਸਾਨ ਹੋਇਆ ਹੋਵੇ ਜਾਂ ਕਰੋਨਾ ਕਾਲ ਦੌਰਾਨ ਮਨੁੱਖਤਾ ਦੀ ਸੇਵਾ ਕਰਨੀ ਹੋਵੇ ਸਰਬੱਤ ਦਾ ਭਲਾ ਟਰੱਸਟ ਨੇ ਹਰ ਮੌਕੇ ਆਪਣਾ ਫਰਜ ਸਮਝ ਕੇ ਸਹਾਇਤਾ ਕੀਤੀ । ਉਹਨਾਂ ਦੱਸਿਆ ਕਿ ਕਿਸਾਨ ਅੰਦੋਲਨ, ਸ਼ਹੀਦ ਪ੍ਰਵਾਰ ਤੇ ਵਿਦੇਸ਼ਾਂ ਵਿੱਚ ਫਸੇ ਪੰਜਾਬੀਆ ਦੀ ਸਹਾਇਤਾ ਕੀਤੀ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋ ਹਸਪਤਾਲਾਂ, ਸਕੂਲਾਂ ਵਿੱਚ ਆਰੋ ਸਿਸਟਮ ਲਗਾਕੇ ਪੀਣ ਵਾਲੇ ਪਾਣੀ ਦਾ ਪ੍ਰਬੰੰਧ ਕੀਤਾ ਗਿਆ ਹੈ । ਲੋੜਵੰਦਾਂ ਨੂੰ ਸਿਹਤ ਸੇਵਾਵਾਂ ਬੇਹਤਰ ਬਣਾਉਣ ਲਈ ਆਧੁਨਿਕ ਮਸ਼ੀਨਾਂ, ਬੇਸਹਾਰਾ ਲਈ ਕਿੱਤਾ ਮੁਖੀ ਸਿਖਲਾਈ ਦੇਣ ਲਈ ਸੈਂਟਰ ਖੋਲੇ ਗਏ ਹਨ । ਉਹਨਾਂ ਦੱਸਿਆ ਕਿ ਮਰੀਜਾਂ ਦੇ ਪ੍ਰਵਾਰਾਂ ਦੇ ਰਹਿਣ ਲਈ ਸੰਨੀ ਉਬਰਾਏ ਰੈਣ ਬਸੇਰਾ ਬਣਾਇਆ ਗਿਆ ਹੈ ਜਿੱਥੇ ਮਰੀਜਾਂ ਦੇ ਵਾਰਿਸਾ ਦੇ ਰਹਿਣ ਲਈ ਮੁਫਤ ਸੇਵਾਵਾਂ ਦਾ ਪ੍ਰਬੰਧ ਹੈ ਉਹਨਾਂ ਦੱਸਿਆ ਕਿ ਇੱਥੇ ਹੀ ਕਲੀਨਿਕਲ ਲੈਬੋਰੇਟਰੀ ਰਾਹੀ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ ਜਿਸ ਦਾ ਲੋੜਵੰਦ ਲੋਕ ਭਰਪੂਰ ਫਾਇਦਾ ਉਠਾ ਰਹੇ ਹਨ । ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਦੇ ਪ੍ਰਧਾਨ ਭਰਪੂਰ ਸਿੰਘ, ਮੈਂਬਰ ਜਗਪਾਲ ਸਿੰਘ ਬਰਾੜ, ਸੂਰਤ ਸਿੰਘ ਖਾਲਸਾ, ਕਰਮਜੀਤ ਸਿੰਘ ਸਰਾਂ, ਕਮਿੰਦਰ ਸਿੰਘ ਬਿੱਟੂ ਗਿੱਲ, ਦਵਿੰਦਰ ਸਿੰਘ ਸੰਧੂ, ਨਿਰਮਲ ਸਿੰਘ ਸੰਧੂ, ਜੰਗ ਸਿੰਘ, ਕੈਪਟਨ ਬਲਜੀਤ ਸਿੰਘ ਆਦਿ ਹਾਜਿਰ ਸਨ ।