ਚੰਡੀਗੜ੍ਹ ਸਮੇਤ ਟ੍ਰਾਈਸਿਟੀ ‘ਚ ਹੜਕੰਪ, ਸਕੂਲਾਂ ਤੇ ਹਰਿਆਣਾ CMO ਨੂੰ ਧਮਕੀ

ਟ੍ਰਾਈਸਿਟੀ (ਚੰਡੀਗੜ੍ਹ) ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦੋਂ ਚੰਡੀਗੜ੍ਹ ਦੇ ਕਈ ਸਕੂਲਾਂ ਨੂੰ ਮੁੜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਵਾਰ ਧਮਕੀ ਵਿੱਚ ਸਿਰਫ਼ ਸਕੂਲ ਹੀ ਨਹੀਂ, ਸਗੋਂ ਹਰਿਆਣਾ ਦੇ ਮੁੱਖ ਮੰਤਰੀ ਦਫ਼ਤਰ (CMO) ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਧਮਕੀ ਭਰੇ ਸੰਦੇਸ਼ ਵਿੱਚ 6 ਜੂਨ 2026 ਤੱਕ ਅੰਬਾਲਾ-ਦਿੱਲੀ ਮੁੱਖ ਰੇਲਵੇ ਟ੍ਰੈਕ ‘ਤੇ IED ਧਮਾਕਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ। ਇਸ ਸੰਵੇਦਨਸ਼ੀਲ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਿਸ, ਹਰਿਆਣਾ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਤੁਰੰਤ ਐਕਸ਼ਨ ਵਿੱਚ ਆ ਗਈਆਂ ਹਨ।

ਸੂਤਰਾਂ ਅਨੁਸਾਰ ਸਕੂਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਦਕਿ ਰੇਲਵੇ ਟ੍ਰੈਕਾਂ ‘ਤੇ ਚੈਕਿੰਗ ਅਤੇ ਨਿਗਰਾਨੀ ਤੇਜ਼ ਕਰ ਦਿੱਤੀ ਗਈ ਹੈ। ਸਾਈਬਰ ਸੈੱਲ ਦੀਆਂ ਟੀਮਾਂ ਧਮਕੀ ਭਰੇ ਮੈਸੇਜ ਦੇ ਸਰੋਤ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਅਤੇ ਦਿੱਲੀ-NCR ਦੇ ਕਈ ਸਕੂਲਾਂ ਨੂੰ ਧਮਕੀ ਭਰੀਆਂ ਈ-ਮੇਲਾਂ ਮਿਲ ਚੁੱਕੀਆਂ ਹਨ, ਜੋ ਬਾਅਦ ਵਿੱਚ ਅਫ਼ਵਾਹ ਸਾਬਤ ਹੋਈਆਂ ਸਨ। ਪਰ ਇਸ ਵਾਰ CMO ਅਤੇ ਦਿੱਲੀ-ਅੰਬਾਲਾ ਰੇਲਵੇ ਰੂਟ ਦਾ ਜ਼ਿਕਰ ਹੋਣ ਕਾਰਨ ਪ੍ਰਸ਼ਾਸਨ ਕੋਈ ਵੀ ਖ਼ਤਰਾ ਮੋਲ ਨਹੀਂ ਲੈ ਰਿਹਾ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫ਼ਵਾਹਾਂ ਤੋਂ ਬਚਿਆ ਜਾਵੇ ਅਤੇ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਬਾਰੇ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਜਾਣਕਾਰੀ ਦਿੱਤੀ ਜਾਵੇ।