
Skip to content

ਜਲੰਧਰ ਵਿੱਚ ਮਰਦਮਸ਼ੁਮਾਰੀ ਦੇ ਕੰਮਾਂ ਦੌਰਾਨ ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲੇ 82 ਸਰਕਾਰੀ ਅਧਿਆਪਕਾਂ ਖ਼ਿਲਾਫ਼ ਸਿੱਖਿਆ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਨੇ ਸਾਰੇ ਅਧਿਆਪਕਾਂ ਨੂੰ ‘ਕਾਰਨ ਦੱਸੋ’ (Show Cause) ਨੋਟਿਸ ਜਾਰੀ ਕਰਦੇ ਹੋਏ ਉਨ੍ਹਾਂ ਦੀ ਤਨਖ਼ਾਹ ਰੋਕਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਵਿਭਾਗੀ ਜਾਣਕਾਰੀ ਅਨੁਸਾਰ, ਇਹ ਅਧਿਆਪਕ ਮਰਦਮਸ਼ੁਮਾਰੀ ਨਾਲ ਸਬੰਧਤ ਡਿਊਟੀਆਂ ਦੌਰਾਨ ਲਗਾਤਾਰ ਗ਼ੈਰ-ਹਾਜ਼ਰ ਪਾਏ ਗਏ। ਇਸ ਕਾਰਨ ਉਨ੍ਹਾਂ ਨੂੰ ਚੋਣ ਤਹਿਸੀਲਦਾਰ ਦੇ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਆਪਣੀ ਗ਼ੈਰ-ਹਾਜ਼ਰੀ ਦਾ ਸਪਸ਼ਟ ਕਾਰਨ ਦੱਸਣ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਅਧਿਆਪਕ ਆਪਣੀ ਗ਼ੈਰ-ਹਾਜ਼ਰੀ ਲਈ ਤਸੱਲੀਬਖ਼ਸ਼ ਕਾਰਨ ਪੇਸ਼ ਨਹੀਂ ਕਰਦਾ, ਤਾਂ ਉਸ ਵਿਰੁੱਧ ਵਿਭਾਗੀ ਨਿਯਮਾਂ ਤਹਿਤ ਹੋਰ ਸਖ਼ਤ ਪ੍ਰਸ਼ਾਸਨਿਕ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਮਰਦਮਸ਼ੁਮਾਰੀ ਦੇ ਕੰਮਾਂ ਨੂੰ ਗੰਭੀਰਤਾ ਨਾਲ ਪੂਰਾ ਕਰਨ ਲਈ ਵਿਭਾਗ ਪਹਿਲਾਂ ਹੀ ਡਿਊਟੀ ਦੌਰਾਨ ਸੋਸ਼ਲ ਮੀਡੀਆ ਰੀਲਾਂ ਅਤੇ ਵੀਡੀਓ ਬਣਾਉਣ ‘ਤੇ ਪਾਬੰਦੀ ਲਾ ਚੁੱਕਾ ਹੈ। ਹੁਣ 82 ਅਧਿਆਪਕਾਂ ਖ਼ਿਲਾਫ਼ ਹੋਈ ਇਸ ਕਾਰਵਾਈ ਨਾਲ ਸਿੱਖਿਆ ਮਹਿਕਮੇ ਵਿੱਚ ਚਰਚਾ ਛਿੜ ਗਈ ਹੈ।
Related