ਸਕਾਟਲੈਂਡ ‘ਚ 300 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੱਥ-ਲਿਖਤ ਸਰੂਪ ਦੇ ਹੋਣਗੇ ਦਰਸ਼ਨ

ਲੰਡਨ: ਸਕਾਟਲੈਂਡ ਤੋਂ ਸਿੱਖ ਭਾਈਚਾਰੇ ਲਈ ਮਾਣ ਅਤੇ ਖੁਸ਼ੀ ਵਾਲੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਗਭਗ 300 ਸਾਲ ਪੁਰਾਣਾ ਹੱਥ-ਲਿਖਤ ਪਾਵਨ ਸਰੂਪ, ਜਿਸ ਨੂੰ ਯੂਨਾਈਟਿਡ ਕਿੰਗਡਮ ਵਿੱਚ ਆਪਣੀ ਕਿਸਮ ਦਾ ਸਭ ਤੋਂ ਪੁਰਾਣਾ ਸਰੂਪ ਮੰਨਿਆ ਜਾਂਦਾ ਹੈ, ਜਲਦ ਹੀ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤਾ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਇਹ ਪਾਵਨ ਸਰੂਪ 1700 ਦੇ ਦਹਾਕੇ ਦਾ ਹੈ ਅਤੇ ਇਹ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਅਤੇ ਉੱਤਰਾਧਿਕਾਰੀ ਮਹਾਰਾਜਾ ਖੜਕ ਸਿੰਘ ਦੀ ਮਲਕੀਅਤ ਸੀ। ਇਤਿਹਾਸਕ ਦਸਤਾਵੇਜ਼ਾਂ ਮੁਤਾਬਕ 1848 ਵਿੱਚ ਅੰਗਰੇਜ਼ਾਂ ਵੱਲੋਂ ਪੰਜਾਬ ਦੇ ਦੁੱਲੇਵਾਲਾ ਕਿਲ੍ਹੇ ‘ਤੇ ਕਬਜ਼ੇ ਦੌਰਾਨ ਇਹ ਸਰੂਪ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਸੀ। ਬਾਅਦ ਵਿੱਚ ਇਸ ਨੂੰ ਸਰ ਜੌਨ ਸਪੈਂਸਰ ਲੌਗਿਨ ਰਾਹੀਂ ਐਡਿਨਬਰਗ ਯੂਨੀਵਰਸਿਟੀ ਦੇ ਪੁਰਾਲੇਖਾਂ (ਆਰਕਾਈਵਜ਼) ਵਿੱਚ ਭੇਜਿਆ ਗਿਆ। ਸਰ ਜੌਨ ਸਪੈਂਸਰ ਲੌਗਿਨ ਉਹੀ ਵਿਅਕਤੀ ਸਨ, ਜਿਨ੍ਹਾਂ ਨੇ ਕੋਹਿਨੂਰ ਹੀਰਾ ਮਹਾਰਾਣੀ ਵਿਕਟੋਰੀਆ ਤੱਕ ਪਹੁੰਚਾਇਆ ਸੀ।

ਇਹ ਇਤਿਹਾਸਕ ਪਾਵਨ ਸਰੂਪ ਸਾਲ 2020 ਵਿੱਚ ਐਡਿਨਬਰਗ ਯੂਨੀਵਰਸਿਟੀ ਦੀ ਡਿਜੀਟਲ ਲਾਇਬ੍ਰੇਰੀ ਦੀ ਜਾਂਚ ਦੌਰਾਨ ਸਾਹਮਣੇ ਆਇਆ। ਇੰਗਲੈਂਡ ਦੇ ਸਿੱਖ ਖੋਜੀਆਂ ਨੇ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਸਿੱਖ ਇਤਿਹਾਸ ਨਾਲ ਜੁੜੀਆਂ ਵਸਤਾਂ ਦੀ ਭਾਲ ਕਰਦਿਆਂ ਇਸ ਦੀ ਪਛਾਣ ਕੀਤੀ।

ਹੁਣ ਇਸ ਪਾਵਨ ਸਰੂਪ ਦੇ ਦਰਸ਼ਨਾਂ ਲਈ ਐਡਿਨਬਰਗ ਵਿੱਚ ਭਾਰਤੀ ਕੌਂਸਲੇਟ ਜਨਰਲ, ਗੁਰਦੁਆਰਾ ਪ੍ਰਬੰਧਕਾਂ ਅਤੇ ਯੂਨੀਵਰਸਿਟੀ ਅਧਿਕਾਰੀਆਂ ਵਿਚਕਾਰ ਤਾਲਮੇਲ ਕੀਤਾ ਜਾ ਰਿਹਾ ਹੈ। ਸੈਂਟਰਲ ਗੁਰਦੁਆਰਾ ਗਲਾਸਗੋ ਵਿੱਚ ਸੰਗਤਾਂ ਲਈ ਵਿਸ਼ੇਸ਼ ਦਰਸ਼ਨ ਕਰਵਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਯੂਨੀਵਰਸਿਟੀ ਦੀ ਹੈਰੀਟੇਜ ਕਲੈਕਸ਼ਨ ਟੀਮ ਅਤੇ ਸਿੱਖ ਸੰਸਥਾ ‘ਸਿੱਖ ਸੰਜੋਗ’ ਦੀ ਨਿਰਦੇਸ਼ਕ ਤ੍ਰਿਸ਼ਨਾ ਸਿੰਘ ਨੇ ਦੱਸਿਆ ਕਿ ਇਸ ਪਾਵਨ ਸਰੂਪ ਦੀ ਬਹੁਤ ਹੀ ਬਾਰੀਕੀ ਨਾਲ ਸੰਭਾਲ ਅਤੇ ਬਹਾਲੀ ਕੀਤੀ ਗਈ ਹੈ। ਉਨ੍ਹਾਂ ਇਸ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਨਮੋਲ ਖ਼ਜ਼ਾਨਾ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਐਡਿਨਬਰਗ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਇਸ ਪਾਵਨ ਸਰੂਪ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਵੀ ਕੀਤਾ ਗਿਆ ਸੀ।