ਅਮਿਤ ਨਖਵਾਲ: ਇਟਲੀ ਦੇ ਸ਼ਹਿਰ ਫੋਰਲੀ ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਅਤੇ ਹੋਰ ਭਾਰਤੀ ਫੌਜੀਆਂ ਦੀ ਯਾਦ ਵਿੱਚ ਵਰਲਡ ਸਿੱਖ ਸ਼ਹੀਦ ਮਿਲਟਰੀ (ਰਜਿ.) ਇਟਲੀ ਵੱਲੋਂ 20ਵਾਂ ਸ਼ਰਧਾਂਜਲੀ ਸਮਾਗਮ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਇਟਲੀ ਭਰ ਦੀਆਂ ਸਿੱਖ ਅਤੇ ਧਾਰਮਿਕ ਜਥੇਬੰਦੀਆਂ, ਭਾਰਤੀ ਭਾਈਚਾਰੇ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਇਟਾਲੀਅਨ ਨਾਗਰਿਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੰ ਨਮਨ ਕੀਤਾ।

ਸਮਾਗਮ ਦੀ ਸ਼ੁਰੂਆਤ ਫੋਰਲੀ ਦੀ ਸੰਗਤ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ। ਭੋਗ ਉਪਰੰਤ ਬੱਚਿਆਂ ਨੇ ਗੁਰਬਾਣੀ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਅਧਿਕਾਰਕ ਸਮਾਗਮ ਆਰੰਭ ਕੀਤਾ ਗਿਆ।

ਸਿੱਖ ਫੌਜੀਆਂ ਦੇ ਸਮਾਰਕ ‘ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ ਧਨੋਤਾ, ਇਕਬਾਲ ਸਿੰਘ ਸੋਢੀ, ਕਰਮਜੀਤ ਸਿੰਘ ਬੂਰੇ ਜੱਟਾਂ, ਗੁਰਦੁਆਰਾ ਸਾਹਿਬ ਲੇਨੋ ਦੇ ਮੁੱਖ ਸੇਵਾਦਾਰ, ਇੰਦਰਜੀਤ ਕਾਲਾ ਅਤੇ ਰਵਿੰਦਰ ਸਿੰਘ ਭਾਊ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਫੋਰਲੀ ਸ਼ਹਿਰ ਦੇ ਪਾਦਰੀ ਅਤੇ ਗਿਆਨੀ ਬਲਜਿੰਦਰ ਸਿੰਘ ਨੇ ਅਰਦਾਸ ਕਰਕੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਫੋਰਲੀ ਦੇ ਮੇਅਰ, ਪੁਲਿਸ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਸ਼ੇਸ਼ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਭਾਰਤ ਤੋਂ ਪਹੁੰਚ ਕੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

ਸਮਾਗਮ ਵਿੱਚ ਭਾਰਤੀ ਕੌਂਸਲੇਟ ਮਿਲਾਨ ਦੇ ਅਧਿਕਾਰੀਆਂ ਨੇ ਵੀ ਹਾਜ਼ਰੀ ਭਰੀ। ਇਸ ਤੋਂ ਇਲਾਵਾ ਇਟਲੀ ਦੇ ਕਰੀਬ 20 ਸ਼ਹਿਰਾਂ ਦੇ ਮੇਅਰਾਂ, ਫੌਜੀ ਅਧਿਕਾਰੀਆਂ, ਕਾਰਾਬਨੇਰੀ, ਲੋਕਲ ਪੁਲਿਸ, ਮਿਊਂਸਪਲ ਅਧਿਕਾਰੀਆਂ ਅਤੇ ਆਜ਼ਾਦੀ ਘੁਲਾਟੀਆਂ ਨਾਲ ਸਬੰਧਤ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਇਟਲੀ ਵਿੱਚ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਕਾਰਜ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਦਾ ਵੀ ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਰਿਹਾ। ਵੱਖ-ਵੱਖ ਗੁਰਦੁਆਰਾ ਸਾਹਿਬਾਂ ਤੋਂ ਸੰਗਤਾਂ ਬੱਸਾਂ ਰਾਹੀਂ ਸਮਾਗਮ ਵਿੱਚ ਪਹੁੰਚੀਆਂ। ਫੋਰਲੀ ਦੀ ਸੰਗਤ ਵੱਲੋਂ ਠੰਢੇ ਪਾਣੀ ਅਤੇ ਫਲਾਂ ਦੀ ਸੇਵਾ ਕੀਤੀ ਗਈ, ਜਦਕਿ ਵੱਖ-ਵੱਖ ਗੁਰੂ ਘਰਾਂ ਵੱਲੋਂ ਲੰਗਰ ਦੀ ਵਿਸ਼ਾਲ ਸੇਵਾ ਨਿਭਾਈ ਗਈ।

ਸਮਾਗਮ ਦੇ ਅੰਤ ਵਿੱਚ ਕਮੇਟੀ ਦੇ ਸਕੱਤਰ ਸਤਨਾਮ ਸਿੰਘ ਨੇ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਹਿਯੋਗੀ ਸੰਸਥਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਦੀ ਅਪੀਲ ਕੀਤੀ।

ਰਿਪੋਰਟ: ਅਮਿਤ ਨਖਵਾਲ