(ਸ਼ਾਤਰ ਲੀਡਰ ਭੋਲੀ ਜਨਤਾ)

    ਸਿਆਸਤ ਚੀਜ਼ ਬੜੀ ਏ ਨਿਆਰੀ
    ਬਦਲ ਜਾਂਦੇ ਇਹ ਮਿੰਟੋ ਮਿੰਟੀ।
    ਬਦਲ ਜਾਏ ਸਮੀਕਰਨ ਫਟਾ ਫਟ
    ਨਾਲ ਬਦਲ ਜਾਏ ਗਿਣਤੀ ਮਿਣਤੀ।
    ਜਦੋਂ ਪਾਰਟੀ ਹਾਕਮ ਲਾਉਂਦੀ
    ਅਗਲਾ ਪਿਛਲਾ ਕੁਝ ਨਾ ਵੇਖਣ।
    ਆਪੇ ਹੀ ਕਰ ਮਸਲਾ ਪੈਦਾ
    ਫਿਰ ਇਹ ਉਸ ’ਤੇ ਰੋਟੀਆਂ ਸੇਕਣ।

    ਜਿਹੜੇ ਪਾਉਂਦੇ ਵੋਟ ਇਨ੍ਹਾਂ ਨੂੰ
    ਉਨ੍ਹਾਂ ਨੂੰ ਅੱਖਾਂ ਪਏ ਵਿਖਾਉਂਦੇ।
    ਕੁਰਸੀ ਤਕ ਹੀ ਮਸਲਾ ਸਾਰਾ
    ਪੰਜ ਸਾਲ ਇਹ ਫਿਰ ਸੌਂ ਜਾਂਦੇ।
    ਚਾਲ ਇਨ੍ਹਾਂ ਦੀ ਕੋਈ ਨਾ ਸਮਝੇ
    ਚਲਾਕ ਬਹੁਤ ਤੇ ਵੱਡੇ ਸ਼ਾਤਰ।
    ਮਰਜ਼ੀ ਨਾਲ ਕਾਨੂੰਨ ਬਣਾਉਂਦੇ
    ਉਹ ਵੀ ਆਪਣੇ ਫਾਇਦੇ ਖਾਤਰ।

    ਆਪਣੀ ਹੀ ਇਹ ਭਰਨ ਤਿਜੌਰੀ
    ਜਨਤਾ ਲਈ ਨਹੀਂ ਕੁਝ ਵੀ ਕਰਦੇ।
    ਗਲਤ ਕੰਮ ਪਏ ਕਰਦੇ ਲੀਡਰ
    ਰੱਬ ਤੋਂ ਵੀ ਇਹ ਲੋਕ ਨਾ ਡਰਦੇ।
    ਇਨ੍ਹਾਂ ਵਾਸਤੇ ਕੁਝ ਵੀ ਹੈ ਨਹੀਂ
    ਨਾ ਕਾਨੂੰਨ ਤੇ ਨਾ ਕੋਈ ਕਾਇਦਾ।
    ‘ਅਨੇਜਾ’ ਇਸ ਨੂੰ ਕਹਿਣ ਸਿਆਸਤ
    ਤੱਕਦੇ ਆਪਣਾ ਹੀ ਇਹ ਫਾਇਦਾ।