36 ਸਾਲਾ ਵਿਅਕਤੀ, ਜੋ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਵਿੱਚ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਲੰਘੀ ਰਾਤ ਨੂੰ ਉਸ ਦੀ ਦਿੱਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

    ਨਵੀਂ ਦਿੱਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸ਼ਰੇਆਮ ਗੋਲੀਆਂ ਦੇ ਨਾਲ ਇੱਕ ਸਖ਼ਸ਼ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਦਿਲ ਦਹਿਲਾ ਦੇਣ ਵਾਲੀ ਘਟਨਾ ਦਿੱਲੀ ਦੇ ਭਜਨੂਪੁਰਾ ‘ਚ ਅੱਧੀ ਰਾਤ ਨੂੰ ਵਾਪਰੀ, ਜਿੱਥੇ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਬਾਈਕ ਉੱਤੇ ਜਾ ਰਹੇ ਦੋ ਲੋਕਾਂ ਨੂੰ ਗੋਲੀਆਂ ਮਾਰੀਆਂ ਗਈਆਂ। ਗੋਲੀ ਲੱਗਣ ਕਾਰਨ ਐਮਾਜ਼ਾਨ ਦੇ ਸੀਨੀਅਰ ਮੈਨੇਜਰ ਦੀ ਮੌਤ ਹੋ ਗਈ, ਜਦਕਿ ਦੂਜਾ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

    36 ਸਾਲਾ ਵਿਅਕਤੀ, ਜੋ ਈ-ਕਾਮਰਸ ਪਲੇਟਫਾਰਮ ਐਮਾਜ਼ਾਨ ਵਿੱਚ ਮੈਨੇਜਰ ਵਜੋਂ ਕੰਮ ਕਰ ਰਿਹਾ ਸੀ। ਲੰਘੀ ਰਾਤ ਨੂੰ ਉਸ ਦੀ ਦਿੱਲੀ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਹਰਪ੍ਰੀਤ ਗਿੱਲ ‘ਤੇ ਪੰਜ ਲੋਕਾਂ ਨੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦੋਂ ਉਹ ਆਪਣੇ ਇਕ ਦੋਸਤ ਨਾਲ ਬਾਈਕ ‘ਤੇ ਜਾ ਰਿਹਾ ਸੀ। ਘਟਨਾ ਮੰਗਲਵਾਰ ਦੇਰ ਰਾਤ ਦੀ ਹੈ। ਪੁਲਿਸ ਮੁਤਾਬਕ ਦੋਵੇਂ ਭਜਨਪੁਰਾ ਇਲਾਕੇ ‘ਚ ਸੁਭਾਸ਼ ਵਿਹਾਰ ਨੇੜੇ ਮੋਟਰਸਾਈਕਲ ‘ਤੇ ਜਾ ਰਹੇ ਸਨ ਤਾਂ ਹਮਲਾਵਰਾਂ ਨੇ ਉਨ੍ਹਾਂ ਨੂੰ ਰੋਕ ਲਿਆ।

    ਇਕ ਗੋਲੀ ਹਰਪ੍ਰੀਤ ਦੇ ਸਿਰ ਵਿੱਚ ਲੱਗੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਸਤ ਗੋਵਿੰਦ ਸਿੰਘ ਦੇ ਸੱਜੇ ਕੰਨ ‘ਤੇ ਗੋਲੀ ਲੱਗੀ। ਗੋਵਿੰਦ ਸਿੰਘ ਫਿਲਹਾਲ ਐਲਐਨਜੇਪੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਫਿਲਹਾਲ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ ਅਤੇ ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਲਈ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।