ਇਮਰਾਨ ਖਾਨ ਸਰਕਾਰ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰੇ, ਦੁਨੀਆਂ ਭਰ ਦੇ ਸਿੱਖਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ : ਸਿਰਸਾ

    ਨਵੀਂ ਦਿੱਲੀ, 17 ਦਸੰਬਰ : ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਬੀੜੀਆਂ ਤੇ ਸਿਗਰਟਾਂ ਦੇ ਕਾਗਜ਼ਾਂ ਤੋਂ ਬਣੇ ਡੂਨਿਆਂ ਵਿਚ ਕੜਾਹ ਪ੍ਰਸ਼ਾਦ ਵੰਡੇ ਜਾਣ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਕਾਰਵਾਈ ਬਹੁਤ ਵੱਡੀ ਬੇਅਦਬੀ ਹੈ ਜਿਸ ਨਾਲ ਦੁਨੀਆਂ ਭਰ ਦੇ ਸਿੱਖਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ।
    ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ‘ਤੇ ਬੀੜੀਆਂ ਤੇ ਸਿਗਰਟਾਂ ਦੇ ਕਾਗਜ਼ਾਂ ਨਾਲ ਬਣੇ ਡੂਨਿਆਂ ਵਿਚ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਵੇਖ ਕਿ ਸਾਨੂੰ  ਬਹੁਤ ਦੁੱਖ ਤੇ ਅਫਸੋਸ ਹੋਇਆ ਹੈ ਤੇ ਪੀੜਾ ਹੋਈ ਕਿ ਕਿਸ ਤਰੀਕੇ ਇਹ ਧਾਰਮਿਕ ਆਸਥਾ ਵਾਲੀ ਥਾਂ ‘ਤੇ ਇਸ ਤਰੀਕੇ ਦਾ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤੰਬਾਕੂ ਦੇ ਕਾਗਜ਼ ਤੋਂ ਬਣੇ ਡੂਨਿਆਂ ਵਿਚ ਪ੍ਰਸ਼ਾਦ ਵੰਡਿਆ ਜਾਵੇ, ਇਸ ਤੋਂ ਵੱਡਾ ਪਾਪ ਹੋਰ ਕੀ ਹੋ ਸਕਦਾ ਹੈ।
    ਉਹਨਾਂ ਕਿਹਾ ਕਿ ਪਾਕਿਸਤਾਨ ਵਿਚ ਅਜਿਹਾ ਸ਼ਾਇਦ ਇਸ ਕਰ ਕੇ ਹੋ ਰਿਹਾ ਹੈ ਕਿ ਉਥੇ ਸਿੱਖ ਘੱਟ ਗਿਣਤੀ ਵਿਚ ਹਨ ਤੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ।
    ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੂੰ ਅਪੀਲ ਕੀਤੀ ਕਿ ਉਹ ਇਸ ਵੱਡੀ ਬੇਅਦਬੀ ਦਾ ਗੰਭੀਰ ਨੋਟਿਸ ਲੈਣ ਅਤੇ ਇਸ ਮਹਾਂਪਾਪ ਪਿੱਛੇ ਜ਼ਿੰਮੇਵਾਰ ਅਨਸਰਾਂ ਦੇ ਖਿਲਾਫ ਕੇਸ ਦਰਜ ਕਰ ਕੇ ਉਹਨਾਂ ਨੂੰ ਤੁਰੰਤ ਜੇਲ੍ਹ ਵਿਚ ਸੁੱਟਿਆ ਜਾਵੇ। ਉਹਨਾਂ ਕਿਹਾ ਕਿ ਇਹ ਬਜ਼ਰ ਪਾਪ ਤੇ ਬੇਅਦਬੀ ਹੈ ਜਿਸਦੇ ਜ਼ਿੰਮੇਵਾਰਾਂ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ।