ਸਿਰਸਾ ‘ਚ 9 ਕਿਸਾਨ ਆਗੂ ਬਿਜਲੀ ਦੇ ਟਾਵਰ ‘ਤੇ ਚੜ੍ਹੇ, ਮੁਆਵਜ਼ੇ ਦੀ ਮੰਗ ਨੂੰ ਲੈ ਕੇ ਕੀਤਾ ਅਨੋਖਾ ਵਿਰੋਧ

ਸਿਰਸਾ (ਅਰਸ਼ਦੀਪ ਸਿੰਘ ਕਾਲੜਾ)  :- ਹਰਿਆਣਾ ਦੇ ਸਿਰਸਾ ਵਿੱਚ ਬੁੱਧਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਜ਼ਿਲ੍ਹਾ ਪ੍ਰਧਾਨ ਸਮੇਤ 9 ਕਿਸਾਨ ਆਗੂ ਅਚਾਨਕ ਬਿਜਲੀ ਦੇ ਉੱਚੇ ਟਾਵਰ ‘ਤੇ ਚੜ੍ਹ ਗਏ। ਇਨ੍ਹਾਂ ਵਿੱਚ ਇੱਕ ਦਿਵਿਆਂਗ ਨੌਜਵਾਨ ਵੀ ਸ਼ਾਮਲ ਹੈ। ਕਿਸਾਨ ਆਪਣੇ ਨਾਲ ਮੰਜੇ ਅਤੇ ਖਾਣ-ਪੀਣ ਦਾ ਰਾਸ਼ਨ ਵੀ ਲੈ ਕੇ ਗਏ ਹਨ ਅਤੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਵਧੇ ਹੋਏ ਮੁਆਵਜ਼ੇ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਟਾਵਰ ਤੋਂ ਹੇਠਾਂ ਨਹੀਂ ਉਤਰਨਗੇ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਨਿਗਮ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਟਾਵਰ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਬਣਾ ਦਿੱਤਾ, ਜਦਕਿ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਮਝਾ ਕੇ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਪਣੀ ਮੰਗ ‘ਤੇ ਡਟੇ ਰਹੇ।

ਕਿਸਾਨਾਂ ਦਾ ਕਹਿਣਾ ਹੈ ਕਿ ਸੋਨੀਪਤ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਦਿੱਤੇ ਗਏ ਮੁਆਵਜ਼ੇ ਦੇ ਬਰਾਬਰ ਸਿਰਸਾ ਦੇ ਪ੍ਰਭਾਵਿਤ ਕਿਸਾਨਾਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਕਈ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ, ਜਦਕਿ ਕਈਆਂ ਨੂੰ ਬਹੁਤ ਘੱਟ ਰਕਮ ਦਿੱਤੀ ਗਈ ਹੈ। ਖੇਤਾਂ ਵਿੱਚ ਲਗੇ ਬਿਜਲੀ ਦੇ ਟਾਵਰਾਂ ਕਾਰਨ ਹੋਏ ਨੁਕਸਾਨ ਲਈ ਪੂਰਾ ਮੁਆਵਜ਼ਾ ਦੇਣ ਦੀ ਉਹ ਲਗਾਤਾਰ ਮੰਗ ਕਰ ਰਹੇ ਹਨ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਅਤਿ ਕਦਮ ਨਾ ਚੁੱਕਣ ਅਤੇ ਟਾਵਰ ਤੋਂ ਛਾਲ ਨਾ ਮਾਰਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਸਿਰਸਾ ਪਹੁੰਚ ਰਹੇ ਹਨ।

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਕਿਸਾਨ ਜਥੇਬੰਦੀਆਂ ਅਤੇ ਪ੍ਰਸ਼ਾਸਨ ਵਿਚਾਲੇ ਮੁਆਵਜ਼ੇ ਦੇ ਮੁੱਦੇ ‘ਤੇ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪਹਿਲਾਂ ਹੀ ਪੂਰਾ ਮੁਆਵਜ਼ਾ ਦੇਣ ਦਾ ਐਲਾਨ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸਿਰਸਾ ਦੇ ਪ੍ਰਭਾਵਿਤ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸੇ ਕਾਰਨ ਉਨ੍ਹਾਂ ਨੇ ਇਹ ਅਨੋਖਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ।