22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਿਰ ‘ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਹੋਣ ਜਾ ਰਿਹਾ ਹੈ। ਇਸ ਪ੍ਰੋਗਰਾਮ ‘ਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਸੀਐੱਮ ਯੋਗੀ ਆਦਿੱਤਿਆਨਾਥ ਸਮੇਤ ਕਰੀਬ ਛੇ ਹਜ਼ਾਰ ਲੋਕ ਹਿੱਸਾ ਲੈਣਗੇ। ਪ੍ਰਾਣ ਪ੍ਰਤਿਸ਼ਠਾ ਸਮਾਰੋਹ ਤੋਂ ਪਹਿਲਾਂ ਪੀਐਮ ਮੋਦੀ ਕਠਿਨ ਤਪੱਸਿਆ ਕਰ ਰਹੇ ਹਨ। ਉਹ ਇਸ ਸਮੇਂ ਯਮ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਹ 11 ਦਿਨਾਂ ਜੇ ਅਨੁਸ਼ਠਾਨ ‘ਤੇ ਹਨ। ਇਸ ਦੌਰਾਨ ਪੀਐਮ ਮੋਦੀ ਜ਼ਮੀਨ ‘ਤੇ ਸੌਂ ਰਹੇ ਹਨ ਅਤੇ ਸਿਰਫ਼ ਨਾਰੀਅਲ ਪਾਣੀ ਪੀ ਰਹੇ ਹਨ। ਪ੍ਰਧਾਨ ਮੰਤਰੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਵਰਤ ਰੱਖ ਰਹੇ ਹਨ।
ਇੱਕ ਨਿਊਜ਼ ਚੈਨਲ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪ੍ਰਧਾਨ ਮੰਤਰੀ ਇਸ ਸਮੇਂ ਫਰਸ਼ ‘ਤੇ ਸੌਂ ਰਹੇ ਹਨ ਅਤੇ ਸਿਰਫ਼ ਕੰਬਲ ਦੀ ਵਰਤੋਂ ਕਰਦੇ ਹਨ। ਪ੍ਰਧਾਨ ਮੰਤਰੀ ਪ੍ਰਾਣ ਪ੍ਰਤਿਸ਼ਠਾ ਵਾਲੇ ਦਿਨ ਵੀ ਵਰਤ ਰੱਖਣਗੇ। ਉਹ ਖਾਸ ਮੰਤਰਾਂ ਦਾ ਜਾਪ ਕਰਨਗੇ। ਪ੍ਰਧਾਨ ਮੰਤਰੀ 22 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮ ਵਿੱਚ ਮੁੱਖ ਮੇਜ਼ਬਾਨ ਦੀ ਭੂਮਿਕਾ ਨਿਭਾਅ ਰਹੇ ਹਨ। ਰਾਮ ਮੰਦਰ ਨਾਲ ਜੁੜੇ ਅਨੁਸ਼ਠਾਨ 16 ਜਨਵਰੀ ਤੋਂ ਸ਼ੁਰੂ ਹੋ ਗਏ ਹਨ, ਜੋ 21 ਜਨਵਰੀ ਤੱਕ ਜਾਰੀ ਰਹਿਣਗੇ। ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਪ੍ਰੋਗਰਾਮ 22 ਜਨਵਰੀ ਨੂੰ ਦੁਪਹਿਰ 12.20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਸਮਾਪਤ ਹੋਣ ਦੀ ਸੰਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਕਈ ਦਿਨਾਂ ‘ਚ ਦੇਸ਼ ਭਰ ਦੇ ਵੱਖ-ਵੱਖ ਮੰਦਰਾਂ ‘ਚ ਪੂਜਾ ਅਰਚਨਾ ਕੀਤੀ ਹੈ। ਉਹ ਮਹਾਰਾਸ਼ਟਰ ਦੇ ਕਾਲਾਰਾਮ ਮੰਦਰ ਵੀ ਗਏ ਅਤੇ ਫਿਰ ਰਾਮਕੁੰਡ ਪਹੁੰਚੇ। ਇਸ ਤੋਂ ਇਲਾਵਾ 16 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਂਧਰਾ ਪ੍ਰਦੇਸ਼ ਸਥਿਤ ਵੀਰਭੱਦਰ ਮੰਦਰ ‘ਚ ਵੀ ਪੂਜਾ ਅਰਚਨਾ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਜਟਾਯੂ ਨਾਲ ਜੁੜੀ ਕਹਾਣੀ ਵੀ ਸੁਣਾਈ। ਇਸ ਦੇ ਨਾਲ ਹੀ ਪੀਐਮ ਮੋਦੀ ਦੱਖਣੀ ਭਾਰਤ ਦੇ ਕੁਝ ਹੋਰ ਮੰਦਰਾਂ ਦੇ ਵੀ ਗਏ ਹਨ। ਕੱਲ੍ਹ ਉਹ ਕੇਰਲਾ ਦੇ ਸ੍ਰੀ ਰਾਮਾਸਵਾਮੀ ਮੰਦਰ ਵਿੱਚ ਸਨ, ਜਿੱਥੇ ਉਨ੍ਹਾਂ ਨੇ ਭਗਵਾਨ ਦੀ ਪੂਜਾ ਕੀਤੀ।