ਜ਼ਿਲ੍ਹੇ ਨੂੰ ਨਸ਼ਾ ਮੁਕਤ ਤੇ ਜੁਰਮ ਮੁਕਤ ਰੱਖਣ ਲਈ ਮੰਗਿਆ ਸਹਿਯੋਗ

    ਨਵਾਂਸ਼ਹਿਰ,(ਜਤਿੰਦਰ ਪਾਲ ਸਿੰਘ ਕਲੇਰ ) –ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਜ਼ਿਲ੍ਹੇ ਵਿੱਚ ਆਪਣੀ ਤਾਇਨਾਤੀ ਬਾਅਦ ਅੱਜ ਮੀਡੀਆ ਨਾਲ ਪਲੇਠੀ ਮਿਲਣੀ ਕਰਦੇ ਹੋਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਅਤੇ ਜੁਰਮ ਮੁਕਤ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ।
    ਉੁਨ੍ਹਾਂ ਨੇ ਮੀਡੀਆ ਅਤੇ ਆਮ ਜਨਤਾ ਲਈ ਨਸ਼ਾ ਤਸਕਰਾਂ ਨਾਲ ਸਬੰਧਤ ਕੋਈ ਵੀ ਜਾਣਕਾਰੀ ਉਨ੍ਹਾਂ ਕੋਲ ਮੌਜੂਦ ਨੰਬਰ 98550-49550 ’ਤੇ ਵਟਸਐਪ ਕਰਨ ਜਾਂ ਫ਼ੋਨ ਕਰਕੇ ਸਾਂਝੀ ਕਰਨ ਲਈ ਆਖਿਆ।ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਨਾ ਤਾਂ ਨਸ਼ਾ ਤਸਕਰਾਂ ਨੂੰ ਬਖਸ਼ਿਆ ਜਾਵੇਗਾ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਲਾ-ਕਾਨੂੰਨੀ ਕਰਨ ਵਾਲੇ ਨੂੰ। ਉਨ੍ਹਾਂ ਕਿਹਾ ਕਿ ਅਮਨ ਅਤੇ ਕਾਨੂੰਨ ਨੂੰ ਬਰਕਰਾਰ ਰੱਖਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਂਵਾਰੀ ਹੈ ਅਤੇ ਗੈਰ-ਸਮਾਜੀ ਅਨਸਰਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
    ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਨਾਲ ਸਬੰਧਤ ਆਪਣੀ ਕਿਸੇ ਵੀ ਮੁਸ਼ਕਿਲ ਲਈ ਆਮ ਲੋਕ ਉਨ੍ਹਾਂ ਨੂੰ ਦਫ਼ਤਰ ਵਿੱਚ ਸਿੱਧਾ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਪੁਲਿਸ ਦੇ ਕੰਮ ਵਿੱਚ ਪਾਰਦਰਸ਼ਤਾ ਅਤੇ ਇਮਾਨਦਾਰੀ ਨੂੰ ਆਪਣੀ ਪਹਿਲ ਦੱਸਦਿਆਂ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ, ਜ਼ਿਲ੍ਹੇ ਨੂੰ ਨਸ਼ਿਆਂ ਅਤੇ ਗੈਂਗਸਟਰਾਂ ਤੋਂ ਦੂਰ ਰੱਖਣਾ ਉੁਨ੍ਹਾਂ ਦੀ ਪਹਿਲੀ ਜ਼ਿੰਮੇਂਵਾਰੀ ਹੋਵੇਗੀ।
    ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਜ਼ਿਲ੍ਹੇ ’ਚ ਅਮਨ ਤੇ ਕਾਨੂੰਨ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਬਾਰੇ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਕਰੇਗਾ, ਉਸ ਦੀ ਪਛਾਣ ਨੂੰ ਜਿੱਥੇ ਗੁਪਤ ਰੱਖਿਆ ਜਾਵੇਗਾ ਉੱਥੇ ਉਸ ਵੱਲੋਂ ਦਿੱਤੀ ਸੂਚਨਾ ’ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
    ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਜਾਣਕਾਰੀ ਜੋ ਅਮਨ ਅਤੇ ਸ਼ਾਂਤੀ ਤੇ ਸਮਾਜਿਕ ਭਾਈਚਾਰੇ ਨੂੰ ਬਣਾਈ ਰੱਖਣ ਅਤੇ ਨਸ਼ਿਆਂ ਅਤੇ ਗੁੁੰਡਾ ਅਨਸਰਾਂ ’ਤੇ ਕਾਰਵਾਈ ਕਰਨ ਬਾਰੇ ਹੋਵੇ, ਉਨ੍ਹਾਂ ਨਾਲ ਬੇਝਿਜਕ ਹੋ ਕੇ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਮੀਡੀਆ ਦੀ ਜ਼ਿੰਮੇਂਵਾਰੀ ਅਤਿ ਮਹੱਤਵਪੂਰਣ ਹੋਣ ਕਾਰਨ ਅਤੇ ਲੋਕਾਂ ਵਿੱਚ ਵਿਚਰਦੇ ਰਹਿਣ ਕਾਰਨ, ਉਹ ਲੋਕਾਂ ਦੀਆਂ ਮੁਸ਼ਕਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ, ਉਨ੍ਹਾਂ ਦੇ ਹੱਲ ਵਿੱਚ ਵੱਡੀ ਜ਼ਿੰਮੇਂਵਾਰੀ ਨਿਭਾਅ ਸਕਦੇ ਹਨ।
    ਇਸ ਮੌਕੇ ਉਨ੍ਹਾਂ ਨਾਲ ਐਸ ਪੀ (ਐਚ) ਗੁਰਮੀਤ ਕੌਰ, ਐਸ ਪੀ (ਜਾਂਚ) ਡਾ. ਮੁਕੇਸ਼, ਡੀ ਐਸ ਪੀ (ਐਚ) ਦੇਵ ਦੱਤ ਸ਼ਰਮਾ, ਡੀ ਐਸ ਪੀ (ਸਪੈਸ਼ਲ ਬ੍ਰਾਂਚ) ਲਖਵੀਰ ਸਿੰਘ ਮੌਜੂਦ ਸਨ।