
Skip to content

ਗਾਜ਼ੀਆਬਾਦ (ਅਮਿਤ ਨਖਵਾਲ): ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਮੋਦੀਨਗਰ ਇਲਾਕੇ ਵਿੱਚ 150 ਕਰੋੜ ਰੁਪਏ ਦੀ ਜਾਇਦਾਦ ਨੂੰ ਲੈ ਕੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ 32 ਸਾਲਾ ਪੁੱਤਰ ਨਿਖਿਲ ਨੇ ਆਪਣੇ ਹੀ ਪਿਤਾ ਹਰੀਓਮ ਚੌਧਰੀ (52) ਦੀ ਪਿਸਤੌਲ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਮੁਲਜ਼ਮ ਨੇ ਪਿਤਾ ਦੇ ਚਿਹਰੇ, ਛਾਤੀ ਅਤੇ ਪੇਟ ਵਿੱਚ ਛੇ ਗੋਲੀਆਂ ਮਾਰੀਆਂ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ, ਬੁੱਧਵਾਰ ਅੱਧੀ ਰਾਤ ਨਿਖਿਲ ਨਸ਼ੇ ਦੀ ਹਾਲਤ ਵਿੱਚ ਘਰ ਪਹੁੰਚਿਆ ਸੀ। ਪਿਤਾ ਵੱਲੋਂ ਉਸ ਨੂੰ ਝਿੜਕਣ ‘ਤੇ ਦੋਵਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਗੁੱਸੇ ਵਿੱਚ ਆ ਕੇ ਨਿਖਿਲ ਨੇ ਲਾਇਸੈਂਸੀ ਪਿਸਤੌਲ ਨਾਲ ਆਪਣੇ ਪਿਤਾ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਹਰੀਓਮ ਚੌਧਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪਤਨੀ ਅਨੀਤਾ ਨੇ ਆਪਣੇ ਪਤੀ ਦੀ ਲਾਸ਼ ਦੇਖ ਕੇ ਵਿਲਾਪ ਕਰਦਿਆਂ ਪੁੱਤਰ ਨੂੰ ਕਿਹਾ, “ਤੂੰ ਪੂਰਾ ਘਰ ਬਰਬਾਦ ਕਰ ਦਿੱਤਾ ਹੈ।” ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਗੁਆਂਢੀ ਵੀ ਮੌਕੇ ‘ਤੇ ਪਹੁੰਚੇ, ਪਰ ਉਦੋਂ ਤੱਕ ਮੁਲਜ਼ਮ ਫਰਾਰ ਹੋ ਚੁੱਕਾ ਸੀ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਨਿਖਿਲ ਲੰਮੇ ਸਮੇਂ ਤੋਂ ਪਿਤਾ ‘ਤੇ ਬਾਕੀ ਜਾਇਦਾਦ ਆਪਣੇ ਨਾਮ ਕਰਵਾਉਣ ਲਈ ਦਬਾਅ ਬਣਾ ਰਿਹਾ ਸੀ। ਹਰੀਓਮ ਚੌਧਰੀ ਨੂੰ ਡਰ ਸੀ ਕਿ ਉਹ ਜ਼ਮੀਨ ਵੇਚ ਕੇ ਪੈਸਾ ਸ਼ਰਾਬ ‘ਤੇ ਖਰਚ ਕਰ ਦੇਵੇਗਾ। ਇਸ ਕਾਰਨ ਉਹ ਜਾਇਦਾਦ ਆਪਣੇ ਪੁੱਤਰ ਦੇ ਨਾਮ ਕਰਨ ਲਈ ਤਿਆਰ ਨਹੀਂ ਸਨ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲਗਭਗ ਅੱਠ ਸਾਲ ਪਹਿਲਾਂ ਨਿਖਿਲ ਨੇ ਆਪਣੇ ਛੋਟੇ ਭਰਾ ਨਿਸ਼ੂ ‘ਤੇ ਵੀ ਗੋਲੀ ਚਲਾਈ ਸੀ, ਹਾਲਾਂਕਿ ਉਸ ਸਮੇਂ ਉਹ ਬਚ ਗਿਆ ਸੀ।
ਹਰੀਓਮ ਚੌਧਰੀ ਬੁਡਾਨਾ ਪਿੰਡ ਦੇ ਰਹਿਣ ਵਾਲੇ ਇੱਕ ਖੁਸ਼ਹਾਲ ਕਿਸਾਨ ਸਨ। ਉਨ੍ਹਾਂ ਕੋਲ ਮੋਦੀਨਗਰ ਵਿੱਚ ਕਰੀਬ 75 ਵਿਘੇ ਜ਼ਮੀਨ ਅਤੇ ਦਿੱਲੀ-ਮੇਰਠ ਰੋਡ ‘ਤੇ ਜੀਵਨ ਹਸਪਤਾਲ ਦੇ ਸਾਹਮਣੇ ਇੱਕ ਮਾਰਕੀਟ ਕੰਪਲੈਕਸ ਹੈ। ਪਰਿਵਾਰਕ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ ਦੀ ਕੀਮਤ ਲਗਭਗ 150 ਕਰੋੜ ਰੁਪਏ ਅੰਕਿਤ ਕੀਤੀ ਜਾ ਰਹੀ ਹੈ। ਪਰਿਵਾਰ ਵਿੱਚ ਪਤਨੀ ਅਨੀਤਾ ਅਤੇ ਦੋ ਪੁੱਤਰ ਨਿਖਿਲ ਅਤੇ ਨਿਸ਼ੂ ਹਨ। ਦੋਵੇਂ ਅਵਿਵਾਹਿਤ ਹਨ।
ਏਸੀਪੀ (ਮੋਦੀਨਗਰ) ਭਾਸਕਰ ਵਰਮਾ ਨੇ ਦੱਸਿਆ ਕਿ ਮੁਲਜ਼ਮ ਨਿਖਿਲ ਸ਼ਰਾਬ ਦਾ ਆਦੀ ਹੈ ਅਤੇ ਅਕਸਰ ਉਸ ਦਾ ਆਪਣੇ ਪਿਤਾ ਨਾਲ ਝਗੜਾ ਹੁੰਦਾ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਹਰੀਓਮ ਪਹਿਲਾਂ ਹੀ ਨਿਖਿਲ ਨੂੰ ਬਾਜ਼ਾਰ ਵਿੱਚ ਕੁਝ ਦੁਕਾਨਾਂ ਅਤੇ 25 ਵਿਘੇ ਜ਼ਮੀਨ ਦੇ ਚੁੱਕੇ ਸਨ, ਪਰ ਉਹ ਬਾਕੀ ਜਾਇਦਾਦ ਵੀ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ।
ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਚਾਰ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਜ਼ਮੀਨੀ ਵਿਵਾਦ ਸਮੇਤ ਹਰ ਪੱਖ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
Related